ਜੀਟੀਏ ‘ਚ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼; 23 ਹਥਿਆਰ, 951 ਕਾਰਤੂਸ ਅਤੇ ਭਾਰੀ ਮਾਤਰਾ ’ਚ ਕੋਕੀਨ ਬਰਾਮਦ

ਰਾਜੀਵ ਸ਼ਰਮਾ :- ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਗ਼ੈਰ-ਕਾਨੂੰਨੀ ਅਸਲੇ ਦੀ ਸਪਲਾਈ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਖ਼ਿਲਾਫ਼ ਪੀਲ ਰੀਜਨਲ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ‘ਪ੍ਰੋਜੈਕਟ ਰੈੱਡ ਜ਼ੋਨ’ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ 23 ਹਥਿਆਰ, 951 ਜਿਊਂਦੇ ਕਾਰਤੂਸ ਅਤੇ 824.75 ਗ੍ਰਾਮ ਕੋਕੀਨ ਜ਼ਬਤ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਪੁਲਿਸ ਅਨੁਸਾਰ ਇਹ ਖ਼ੁਫ਼ੀਆ ਮੁਹਿੰਮ ਅਕਤੂਬਰ 2025 ਤੋਂ ਜੁਲਾਈ 2026 ਦਰਮਿਆਨ ਚਲਾਈ ਗਈ ਸੀ। ਇਸ ਕਾਰਵਾਈ ਵਿੱਚ ਪੀਲ ਪੁਲਿਸ ਦੇ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਤੋਂ ਇਲਾਵਾ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੀਆਂ ਟੀਮਾਂ ਵੀ ਸ਼ਾਮਲ ਸਨ। ਜਾਂਚ ਦਾ ਮੁੱਖ ਮਕਸਦ ਸਰਹੱਦ ਪਾਰੋਂ ਜੀਟੀਏ ਖੇਤਰ ਵਿੱਚ ਲਿਆਂਦੇ ਜਾ ਰਹੇ ਗ਼ੈਰ-ਕਾਨੂੰਨੀ ਅਸਲੇ ਦੀ ਸਪਲਾਈ ਲਾਈਨ ਨੂੰ ਤੋੜਨਾ ਸੀ।

14 ਗੋਲੀਬਾਰੀਆਂ ਅਤੇ ਕਤਲ ਕੇਸ ਨਾਲ ਜੁੜੇ ਤਾਰ

ਫ਼ੋਰੈਂਸਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਜੀਟੀਏ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ 14 ਵੱਖ-ਵੱਖ ਘਟਨਾਵਾਂ ਵਿੱਚ ਵਰਤੇ ਗਏ ਸਨ। ਇਸ ਤੋਂ ਇਲਾਵਾ, ਇੱਕ ਹਥਿਆਰ ਦਾ ਸਬੰਧ ਮਾਰਚ 2024 ਵਿੱਚ ਮਿਸੀਸਾਗਾ ਵਿਖੇ ਹੋਏ ਕਤਲ ਨਾਲ ਵੀ ਜੁੜਿਆ ਪਾਇਆ ਗਿਆ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋਇਆ ਸੀ।

ਜਾਂਚਕਰਤਾਵਾਂ ਮੁਤਾਬਕ ਜ਼ਬਤ ਕੀਤੇ ਗਏ 23 ਹਥਿਆਰਾਂ ਵਿੱਚੋਂ 15 ਅਮਰੀਕਾ ਤੋਂ ਤਸਕਰ ਕਰਕੇ ਲਿਆਂਦੇ ਗਏ ਸਨ, ਜਿਨ੍ਹਾਂ ਵਿੱਚੋਂ ਕਈ ਕੈਨੇਡਾ ਅੰਦਰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਕੈਨੇਡੀਅਨ ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਦਾ ਪ੍ਰਤੱਖ ਪ੍ਰਮਾਣ ਹੈ।

ਚਾਰ ਗ੍ਰਿਫ਼ਤਾਰ, ਦਰਜਨਾਂ ਸੰਗੀਨ ਧਾਰਾਵਾਂ ਦਰਜ

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸਟੀਫਨ ਪ੍ਰਕਾਸ਼ ਕੋਨਸਾਲਾ (24, ਸਕਾਰਬਰੋ), ਅਕਸ਼ੈ ਸ਼੍ਰੀਕਾਂਤਨ (24, ਅਜੈਕਸ), ਸੈਮੀ ਸ਼ੇਖ (28, ਮਿਸੀਸਾਗਾ) ਅਤੇ ਜਨੋਜ ਦਯਾਬਰਨ (23, ਟੋਰਾਂਟੋ) ਵਜੋਂ ਕੀਤੀ ਹੈ। ਕੋਨਸਾਲਾ ‘ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਬਾਕੀ ਮੁਲਜ਼ਮਾਂ ਖ਼ਿਲਾਫ਼ ਵੀ ਅਸਲਾ ਤਸਕਰੀ ਅਤੇ ਨਸ਼ਾ ਤਸਕਰੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਏ ਹਨ।

ਡਿਪਟੀ ਚੀਫ਼ ਨਿੱਕ ਮਿਲੀਨੋਵਿਚ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਸਾਲ 2026 ਦੌਰਾਨ ਪੀਲ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਅਪਰਾਧਿਕ ਹਥਿਆਰਾਂ ਦੀ ਗਿਣਤੀ ਵੱਧ ਕੇ 125 ਹੋ ਗਈ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਅਸਲੇ ਨੂੰ ਗਲੀਆਂ ਅਤੇ ਸਮਾਜ ਵਿੱਚ ਪਹੁੰਚਣ ਤੋਂ ਰੋਕਣ ਲਈ ਅਜਿਹੀਆਂ ਸਾਂਝੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

By Rajeev Sharma

Leave a Reply

Your email address will not be published. Required fields are marked *