‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ AAP ਆਗੂਆਂ ਨੇ ਘਰ-ਘਰ ਪਹੁੰਚ ਕੇ ਸਾਂਝਾ ਕੀਤਾ ਸਰਕਾਰ ਦਾ ਰਿਪੋਰਟ ਕਾਰਡ

ਚੰਡੀਗੜ੍ਹ, 26 ਸਤੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ‘ਮਾਨ ਦੇ ਮੁਨਾਫ਼ੇ’ ਜਨ ਸੰਪਰਕ ਮੁਹਿੰਮ ਤਹਿਤ ਪਾਰਟੀ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ਵਿੱਚ ਘਰ-ਘਰ ਜਾ ਕੇ ਭਗਵੰਤ ਮਾਨ ਸਰਕਾਰ ਦਾ ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਲੋਕਾਂ ਨਾਲ ਸਾਂਝਾ ਕੀਤਾ। ਇਸ ਦੌਰਾਨ ਆਗੂਆਂ ਨੇ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਬਿਹਤਰ ਸਿੱਖਿਆ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਵਰਗੀਆਂ ਭਲਾਈ ਸਕੀਮਾਂ ਤੋਂ ਮਿਲ ਰਹੇ ਵਿੱਤੀ ਲਾਭਾਂ ਬਾਰੇ ਲੋਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਨੇ ਘਰ-ਘਰ ਪ੍ਰਚਾਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਅੱਜ ਹਰ ਆਮ ਪਰਿਵਾਰ ਨੂੰ ਸਲਾਨਾ ਬਚਤ ਦੇ ਰੂਪ ਵਿੱਚ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਲੈ ਕੇ ਸਿੱਧਾ ਲੋਕਾਂ ਦੀ ਕਚਹਿਰੀ ਵਿੱਚ ਪਹੁੰਚ ਰਹੇ ਹਨ।

ਹਲਕਾ ਗਿੱਲ ਦੇ ਪਿੰਡ ਸੰਗੋਵਾਲ ਵਿੱਚ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ੀਰੋ ਬਿਜਲੀ ਬਿਲ ਅਤੇ ਹੋਰ ਸਰਕਾਰੀ ਯੋਜਨਾਵਾਂ ਨੇ ਹਰ ਘਰ ਦੇ ਬਜਟ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਇਲਾਕੇ ਦੇ ਲੋਕ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਲੋਕ-ਹਿੱਤੂ ਕੰਮਾਂ ਤੋਂ ਬਹੁਤ ਖੁਸ਼ ਹਨ।

ਗੁਰੂ ਹਰਸਹਾਏ ਦੇ ਪਿੰਡ ਚੱਕ ਸਵਾਹ ਵਾਲਾ ਵਿੱਚ ਪ੍ਰਚਾਰ ਦੌਰਾਨ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਇਹ ਕੋਈ ਆਮ ਚੋਣ ਪ੍ਰਚਾਰ ਨਹੀਂ, ਸਗੋਂ ਬੀਤੇ ਸਾਢੇ 4 ਸਾਲਾਂ ਵਿੱਚ ਲੋਕਾਂ ਦੇ ਜੀਵਨ ‘ਚ ਆਏ ਬਦਲਾਅ ਦਾ ਲੇਖਾ-ਜੋਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੁਵਿਧਾਵਾਂ ਨਾਲ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ।

ਫਗਵਾੜਾ ਦੇ ਵਾਰਡ ਨੰਬਰ 8 ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ‘ਮਾਨ ਦੇ ਮੁਨਾਫ਼ੇ’ ਮੁਹਿੰਮ ਨੂੰ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਏ ਕ੍ਰਾਂਤੀਕਾਰੀ ਸੁਧਾਰਾਂ ਦਾ ਸਿੱਧਾ ਲਾਭ ਹਰ ਵਰਗ ਤੱਕ ਪਹੁੰਚਿਆ ਹੈ।

ਕਰਤਾਰਪੁਰ ਦੇ ਪਿੰਡ ਪੜ੍ਹਾ ਵਿੱਚ ਵਿਧਾਇਕ ਬਲਕਾਰ ਸਿੰਘ ਨੇ ਲੋਕਾਂ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਸਿੱਧੇ ਤੌਰ ‘ਤੇ ਆਮ ਪਰਿਵਾਰਾਂ ਦੀ ਮਾਲੀ ਮਦਦ ਕਰ ਰਹੀਆਂ ਹਨ। ਆਮ ਆਦਮੀ ਕਲੀਨਿਕਾਂ ਅਤੇ ਮੁਫ਼ਤ ਬਿਜਲੀ ਨਾਲ ਹਰ ਪਰਿਵਾਰ ਦੇ ਹਜ਼ਾਰਾਂ ਰੁਪਏ ਬਚ ਰਹੇ ਹਨ।

ਨਵਾਂਸ਼ਹਿਰ ਦੇ ਪਿੰਡ ਰਸੂਲਪੁਰ ਵਿੱਚ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਜਨ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਘਰ-ਘਰ ਪ੍ਰਚਾਰ ਦੌਰਾਨ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਨੂੰ ਨਕਾਰ ਕੇ ਭਗਵੰਤ ਮਾਨ ਸਰਕਾਰ ਦੇ ਕੰਮਾਂ ‘ਤੇ ਮੁਹਰ ਲਗਾ ਰਹੇ ਹਨ।

ਡੇਰਾਬੱਸੀ ਦੇ ਪਿੰਡ ਜਿਓਲੀ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹਰ ਘਰ ਤੱਕ ਪਹੁੰਚ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੱਖਾਂ ਰੁਪਏ ਦੀਆਂ ਸਾਲਾਨਾ ਰਿਆਇਤਾਂ ਅਤੇ ਭਲਾਈ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਹਲਕਾ ਭੋਆ ਦੇ ਪਿੰਡ ਬਹਾਦਰਪੁਰ ਵਿੱਚ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਜਨ ਸੰਪਰਕ ਮੁਹਿੰਮ ਲੋਕਾਂ ਦੇ ਘਰੇਲੂ ਬਜਟ ‘ਤੇ ਪਏ ਬਿਹਤਰ ਅਸਰ ‘ਤੇ ਕੇਂਦਰਿਤ ਹੈ। ਮਾਨ ਸਰਕਾਰ ਦੀਆਂ ਸੁਵਿਧਾਵਾਂ ਸਮੂਹਿਕ ਰੂਪ ਵਿੱਚ ਹਰ ਪਰਿਵਾਰ ਨੂੰ ਸਲਾਨਾ ਲੱਖਾਂ ਰੁਪਏ ਦੀ ਵਿੱਤੀ ਰਾਹਤ ਪ੍ਰਦਾਨ ਕਰ ਰਹੀਆਂ ਹਨ।

ਹਲਕਾ ਸਨੌਰ ਦੇ ਪਿੰਡ ਮਸੀਗਨ ਵਿੱਚ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਨੌਰ ਦੇ ਵਾਸੀਆਂ ਨੇ ਮੰਨਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਨਾਲ ਆਮ ਨਾਗਰਿਕਾਂ ਦਾ ਜੀਵਨ ਪਹਿਲਾਂ ਨਾਲੋਂ ਬਹੁਤ ਆਸਾਨ, ਸੁਖਾਲਾ ਅਤੇ ਖੁਸ਼ਹਾਲ ਹੋਇਆ ਹੈ।

ਫ਼ਰੀਦਕੋਟ ਦੇ ਪਿੰਡ ਮਚਾਕੀ ਕਲਾਂ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਘਰ-ਘਰ ਪ੍ਰਚਾਰ ਦੌਰਾਨ ਮਿਲ ਰਿਹਾ ਪਿਆਰ ਇਹ ਸਾਫ਼ ਦਰਸਾਉਂਦਾ ਹੈ ਕਿ ਲੋਕ 2027 ਵਿੱਚ ਵੀ ਇਸੇ ਸਰਕਾਰ ਦੀ ਵਾਪਸੀ ਚਾਹੁੰਦੇ ਹਨ।

By Gurpreet Singh

Leave a Reply

Your email address will not be published. Required fields are marked *