ਗੁਰਪ੍ਰੀਤ ਸਿੰਘ :- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਜਲੰਧਰ ਦੌਰੇ ਤੋਂ ਠੀਕ ਪਹਿਲਾਂ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕੇ ਕਰਨ ਦੀ ਖੌਫ਼ਨਾਕ ਧਮਕੀ ਮਿਲੀ ਹੈ। ਇਸ ਧਮਕੀ ਭਰੇ ਈ-ਮੇਲ ਤੋਂ ਬਾਅਦ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਈ-ਮੇਲ ਵਿੱਚ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਸਾਫ਼ ਤੌਰ ‘ਤੇ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਵਿੱਚ ਆਪਣੇ ਬੱਚਿਆਂ ਨੂੰ ਨਾ ਭੇਜਣ ਅਤੇ ਉਨ੍ਹਾਂ ਦੀ ਜਾਨ ਬਚਾਉਣ।
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੁਪਹਿਰ 12:30 ਵਜੇ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਹੈ। ਸੁਰੱਖਿਆ ਦੇ ਮੱਦੇਨਜ਼ਰ ਮੰਦਿਰ ਦੇ ਨਾਲ ਲੱਗਦੇ ‘ਲੱਬੂ ਰਾਮ ਦੋਆਬਾ ਸਕੂਲ’ ਦੇ ਗਰਾਊਂਡ ਵਿੱਚ ਹੀ ਹੈਲੀਪੈਡ ਬਣਾਇਆ ਗਿਆ ਹੈ। ਧਮਕੀ ਭਰੇ ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਦੇ ਪ੍ਰੋਗਰਾਮ ਵਾਲੀ ਸਟੇਜ ਦੇ ਹੇਠਾਂ ਆਈ.ਈ.ਡੀ. (IED) ਫਿੱਟ ਕਰ ਦਿੱਤੇ ਗਏ ਹਨ ਅਤੇ ਲੱਬੂ ਰਾਮ ਦੋਆਬਾ ਸਕੂਲ ਗਰਾਊਂਡ ਰਾਹੀਂ ਸ੍ਰੀ ਦੇਵੀ ਤਲਾਬ ਮੰਦਿਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਈ-ਮੇਲ ਵਿੱਚ ਦਿੱਤੀਆਂ ਮੁੱਖ ਧਮਕੀਆਂ ਅਤੇ ਸਮਾਂ-ਸਾਰਣੀ:
ਸਕੂਲਾਂ ਨੂੰ ਚੇਤਾਵਨੀ: ਕੈਂਬ੍ਰਿਜ ਗਰਲਜ਼ ਸਕੂਲ ਅਰਬਨ ਅਸਟੇਟ, ਕੈਂਬ੍ਰਿਜ ਇਨੋਵੇਟਿਵ ਸਕੂਲ ਅਤੇ ਐੱਮ.ਜੀ.ਐੱਨ. (MGN) ਸਕੂਲ ਨੂੰ ਈ-ਮੇਲ ਭੇਜ ਕੇ ਬੱਚਿਆਂ ਨੂੰ ਰੈਲੀ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ।
ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੈਲੀ ਲਈ ਆ ਰਹੀਆਂ 2,000 ਬੱਸਾਂ ਵਿੱਚੋਂ 2-3 ਬੱਸਾਂ ਵਿੱਚ ਆਈ.ਈ.ਡੀ. ਰੱਖੇ ਗਏ ਹਨ।
