ਪੋਰਟ ਕੋਕਵਿਟਲਮ (ਰਿਚਾ ਵਾਲੀਆ): ਪੋਰਟ ਕੋਕਵਿਟਲਮ ਵਿੱਚ ਤਿਉਹਾਰੀ ਰੌਣਕਾਂ ਸਿਖ਼ਰਾਂ ‘ਤੇ ਪਹੁੰਚਣ ਲਈ ਤਿਆਰ ਹਨ, ਜਿੱਥੇ ਸਾਲ 2022 ਵਿੱਚ ਪ੍ਰੀਤੀ ਸਿੰਘ ਵੱਲੋਂ ਸਥਾਪਿਤ ‘ਪੀਟੀਡਾਂਸ ਕੰਪਨੀ’ (PTDance Company) ਐਤਵਾਰ, 25 ਅਕਤੂਬਰ ਨੂੰ ‘ਰੰਗਤਾਲੀ 2.0 – ਡਾਂਡੀਆ ਨਾਈਟ 2026’ ਪੇਸ਼ ਕਰਨ ਜਾ ਰਹੀ ਹੈ। ਇਹ ਸਮਾਗਮ ਗਰਬਾ, ਡਾਂਡੀਆ, ਸੰਗੀਤ, ਨਾਚ ਅਤੇ ਭਾਰਤੀ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਇੱਕ ਊਰਜਾਵਾਨ ਸ਼ਾਮ ਦਾ ਵਾਅਦਾ ਕਰਦਾ ਹੈ, ਜੋ ਪਰਿਵਾਰਾਂ ਅਤੇ ਦੋਸਤਾਂ ਨੂੰ ਖ਼ੁਸ਼ੀ, ਮਨੋਰੰਜਨ ਅਤੇ ਰਵਾਇਤ ਦੇ ਧਾਗੇ ਵਿੱਚ ਇਕੱਠੇ ਬੰਨ੍ਹੇਗਾ।
‘ਨੈਸ਼ਨਲ ਟਾਈਮਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰੀਤੀ ਸਿੰਘ ਨੇ ਇਸ ਆਗਾਮੀ ਸਮਾਗਮ ਦੇ ਵੇਰਵੇ ਸਾਂਝੇ ਕੀਤੇ ਅਤੇ ਕਿਹਾ ਕਿ ਲੋਕਾਂ ਨੂੰ ਇੱਕ ਥਾਂ ਇਕੱਠੇ ਹੋਣ, ਸੱਭਿਆਚਾਰਕ ਪਰੰਪਰਾਵਾਂ ਮਨਾਉਣ ਅਤੇ ਸੰਗੀਤ ਤੇ ਨਾਚ ਦੀ ਮਹਿਫ਼ਿਲ ਦਾ ਆਨੰਦ ਮਾਣਨ ਲਈ ਮੰਚ ਪ੍ਰਦਾਨ ਕਰਨਾ ਬੇਹੱਦ ਜ਼ਰੂਰੀ ਹੈ। ਇਹ ਪ੍ਰੋਗਰਾਮ ਪੋਰਟ ਕੋਕਵਿਟਲਮ ਕਮਿਊਨਿਟੀ ਸੈਂਟਰ (2150 ਵਿਲਸਨ ਐਵੇਨਿਊ) ਵਿਖੇ ਸ਼ਾਮ 6:00 ਵਜੇ ਤੋਂ ਰਾਤ 10:30 ਵਜੇ ਤੱਕ ਕਰਵਾਇਆ ਜਾਵੇਗਾ। ਹਰ ਉਮਰ ਵਰਗ ਅਤੇ ਪਿਛੋਕੜ ਦੇ ਲੋਕਾਂ ਨੂੰ ਰਵਾਇਤੀ ਤਿਉਹਾਰੀ ਪਹਿਰਾਵੇ ਪਹਿਨ ਕੇ, ਆਪਣੀਆਂ ਡਾਂਡੀਆ ਸਟਿਕਸ ਨਾਲ ਇਸ ਜਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਰੰਗਤਾਲੀ 2.0 ਦਾ ਮਕਸਦ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪਰਿਵਾਰਾਂ ਅਤੇ ਸੱਜਣਾਂ-ਮਿੱਤਰਾਂ ਨੂੰ ਆਪਣੀ ਭਾਰਤੀ ਵਿਰਾਸਤ ਦਾ ਜਸ਼ਨ ਮਨਾਉਣ, ਪੀੜ੍ਹੀਆਂ ਨੂੰ ਆਪਸ ਵਿੱਚ ਜੋੜਨ ਅਤੇ ਯਾਦਗਾਰ ਪਲ ਸਿਰਜਣ ਦਾ ਮੌਕਾ ਦਿੰਦਾ ਹੈ। ਪ੍ਰੀਤੀ ਸਿੰਘ ਨੇ ਸਾਰੇ ਸਪਾਂਸਰਾਂ, ਭਾਈਵਾਲਾਂ ਅਤੇ ਸਮਰਥਕਾਂ ਦਾ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ‘ਤੇ ਸਾਕਾਰ ਕੀਤਾ ਜਾ ਰਿਹਾ ਹੈ।
‘ਨੈਸ਼ਨਲ ਟਾਈਮਜ਼’ ਇਸ ਸ਼ਾਨਦਾਰ ਸਮਾਗਮ ਲਈ ਮੀਡੀਆ ਪਾਰਟਨਰ ਬਣਨ ‘ਤੇ ਮਾਣ ਮਹਿਸੂਸ ਕਰਦਾ ਹੈ, ਜੋ ਪ੍ਰਚਾਰਕ ਅਤੇ ਸੰਪਾਦਕੀ ਕਵਰੇਜ ਰਾਹੀਂ ਇਸ ਉਤਸਵ ਨੂੰ ਵਿਸ਼ਾਲ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦੇ ਰਿਹਾ ਹੈ। ਕੈਨੇਡਾ ਅਤੇ ਭਾਰਤ ਭਰ ਦੇ ਪਾਠਕਾਂ ਦੀ ਸੇਵਾ ਕਰ ਰਹੇ ਇੱਕ ਤ੍ਰਿਭਾਸ਼ੀ ਮੀਡੀਆ ਮੰਚ ਵਜੋਂ, ਨੈਸ਼ਨਲ ਟਾਈਮਜ਼ ਅਜਿਹੇ ਸੱਭਿਆਚਾਰਕ ਪ੍ਰੋਗਰਾਮਾਂ, ਸਥਾਨਕ ਪਹਿਲਕਦਮੀਆਂ, ਸੰਸਥਾਵਾਂ ਅਤੇ ਉਨ੍ਹਾਂ ਸ਼ਖ਼ਸੀਅਤਾਂ ਨੂੰ ਪ੍ਰਮੁੱਖਤਾ ਦਿੰਦਾ ਹੈ ਜੋ ਸਮਾਜ ਵਿੱਚ ਉਸਾਰੂ ਯੋਗਦਾਨ ਪਾ ਰਹੇ ਹਨ।
ਆਪਣੇ ਖ਼ਬਰਾਂ ਅਤੇ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਨੈਸ਼ਨਲ ਟਾਈਮਜ਼ ਰੰਗਤਾਲੀ 2.0 ਦੀ ਕਹਾਣੀ ਨੂੰ ਘਰ-ਘਰ ਪਹੁੰਚਾਏਗਾ ਅਤੇ ਪੀਟੀਡਾਂਸ ਕੰਪਨੀ, ਪ੍ਰੀਤੀ ਸਿੰਘ ਅਤੇ ਸਹਿਯੋਗੀਆਂ ਦੇ ਯਤਨਾਂ ਨੂੰ ਉਭਾਰੇਗਾ। ਸਮਾਗਮ ਦੀ ਟਿਕਟ 25 ਡਾਲਰ ਰੱਖੀ ਗਈ ਹੈ, ਜੋ ਟਿਕਸਵਰਸ (Tixverse) ਰਾਹੀਂ ਹਾਸਲ ਕੀਤੀ ਜਾ ਸਕਦੀ ਹੈ। ਸਹਿਯੋਗੀਆਂ ਵਿੱਚ ‘ਆਲ ਥਿੰਗਜ਼ ਇੰਡੀਅਨ ਵੈਨਕੂਵਰ’, ‘ਪਟੇਲ ਸਮਾਜ’, ‘ਯੂਨਾਈਟਿਡ ਗੁਜਰਾਤੀ ਸੁਸਾਇਟੀ’ ਅਤੇ ‘ਆਰਆਈਬੀਸੀ’ (RIBC) ਸ਼ਾਮਲ ਹਨ।
ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ, ਧਮਾਕੇਦਾਰ ਸੰਗੀਤ, ਗਰਬਾ ਅਤੇ ਡਾਂਡੀਆ ਦੀ ਤਾਲ ‘ਤੇ ‘ਰੰਗਤਾਲੀ 2.0 – ਡਾਂਡੀਆ ਨਾਈਟ 2026’ ਪੋਰਟ ਕੋਕਵਿਟਲਮ ਵਿਖੇ ਭਾਰਤੀ ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਮਿਲਵਰਤਣ ਦੀ ਇੱਕ ਅਭੁੱਲ ਸ਼ਾਮ ਸਿਰਜਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨੈਸ਼ਨਲ ਟਾਈਮਜ਼ ਮੀਡੀਆ ਪਾਰਟਨਰ ਵਜੋਂ ਇਸ ਦਾ ਹਿੱਸਾ ਬਣਨ ਅਤੇ ਆਪਣੇ ਲਗਾਤਾਰ ਵਧ ਰਹੇ ਪਾਠਕ ਵਰਗ ਨਾਲ ਇਸ ਦੀ ਖ਼ਬਰ ਸਾਂਝੀ ਕਰਨ ਲਈ ਖ਼ੁਸ਼ੀ ਮਹਿਸੂਸ ਕਰਦਾ ਹੈ।
