ਮੋਗਾ ਪੁਲਸ ਵੱਲੋਂ ਤਿੰਨ ਮੈਂਬਰੀ ਲੁਟੇਰਾ ਗਿਰੋਹ ਹਥਿਆਰਾਂ ਅਤੇ ਨਗਦੀ ਸਮੇਤ ਕਾਬੂ

ਗੁਰਪ੍ਰੀਤ ਸਿੰਘ :- ਥਾਣਾ ਸਿਟੀ ਪੁਲੀਸ ਨੇ ਇੱਕ ਤਿੰਨ ਮੈਂਬਰੀ ਲੁਟੇਰੇ ਗਿਰੋਹ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜੋ ਲੰਬੇ ਸਮੇਂ ਤੋਂ ਜ਼ਿਲ੍ਹੇ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ, ਗੋਲੀ-ਸਿੱਕਾ, ਨਗਦੀ ਅਤੇ ਇੱਕ ਬਲੈਨੋ ਕਾਰ ਵੀ ਬਰਾਮਦ ਕੀਤੀ ਹੈ। ਉਨ੍ਹਾਂ ਵਿਰੁੱਧ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 272 ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਸੰਗੀਨ ਵਾਰਦਾਤਾਂ ਕਰਨ ਵਾਲਾ ਤਿੰਨ ਮੈਂਬਰੀ ਗਰੋਹ ਥਾਣੇ ਦੀ ਹਦੂਦ ਅੰਦਰ ਲੁੱਟ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਪੂਰੀ ਮੁਸ਼ਤੈਦੀ ਰੱਖੀ ਜਾ ਰਹੀ ਸੀ। ਬੀਤੇ ਦਿਨੀਂ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਦੌਰਾਨ ਬਲੈਨੋ ਕਾਰ ਸਵਾਰਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਦੋ ਪਿਸਟਲ 30 ਬੋਰ ਸਮੇਤ ਗੋਲੀ-ਸਿੱਕਾ ਅਤੇ 49,200 ਰੁਪਏ ਦੀ ਨਗਦੀ ਬਰਾਮਦ ਹੋਈ।

ਪੁਲੀਸ ਵੱਲੋਂ ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ (ਕਰਨ ਪੁੱਤਰ ਬਿੱਕਰ ਸਿੰਘ), ਸੁਖਪ੍ਰੀਤ (ਪੁੱਤਰ ਜਸਵੀਰ ਸਿੰਘ, ਵਾਸੀ ਜ਼ੀਰਾ) ਅਤੇ ਗੁਰਸੇਵਕ ਸਿੰਘ (ਪੁੱਤਰ ਪ੍ਰੀਤਮ ਸਿੰਘ, ਵਾਸੀ ਬਹੋਨਾ ਚੌਕ, ਮੋਗਾ) ਵਜੋਂ ਹੋਈ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਮਿਲੀਆਂ ਹਿਦਾਇਤਾਂ ਅਨੁਸਾਰ ਉਹ ਸ਼ਹਿਰ ਅੰਦਰ ਅਮਨ-ਸ਼ਾਂਤੀ ਦੀ ਬਹਾਲੀ ਲਈ ਵਚਨਬੱਧ ਹਨ।

By Gurpreet Singh

Leave a Reply

Your email address will not be published. Required fields are marked *