ਕਾਠਮੰਡੂ (ਰਾਜੀਵ ਸ਼ਰਮਾ): ਮੰਗਲਵਾਰ ਸਵੇਰੇ ਨੇਪਾਲ ਦੇ ਫੇਰਿਚੇ ਵਿਖੇ ਲੈਂਡਿੰਗ ਕਰਦੇ ਸਮੇਂ ਦੋ ਹੈਲੀਕਾਪਟਰਾਂ ਦੀ ਆਪਸ ਵਿੱਚ ਹੋਈ ਟੱਕਰ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਇੱਕ ਹੋਰ ਵਿਦੇਸ਼ੀ ਯਾਤਰੀ ਜ਼ਖ਼ਮੀ ਵੀ ਹੋਇਆ ਹੈ।
ਜ਼ਿਲ੍ਹਾ ਪੁਲਿਸ ਦਫ਼ਤਰ ਮੁਤਾਬਕ ਇਹ ਟੱਕਰ ਸਵੇਰੇ ਲਗਭਗ 8:11 ਵਜੇ ਖੰਬੂ ਪਾਸਾਂਗ ਲਹਾਮੂ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 4 ਵਿੱਚ ਸਥਿਤ ਇੱਕ ਹੈਲੀਪੈਡ ‘ਤੇ ਵਾਪਰੀ। ਇਸ ਹਾਦਸੇ ਵਿੱਚ ਸ਼ਾਮਲ ਹੈਲੀਕਾਪਟਰ ‘ਏਅਰ ਡਾਇਨਸਟੀ’ (Air Dynasty) ਅਤੇ ‘ਫਿਸ਼ਟੇਲ ਏਅਰ’ (Fishtail Air) ਕੰਪਨੀਆਂ ਦੇ ਸਨ।
ਫੇਰਿਚੇ, ਮਾਉਂਟ ਐਵਰੈਸਟ ਬੇਸ ਕੈਂਪ ਵੱਲ ਜਾਣ ਵਾਲੇ ਟ੍ਰੈਕਿੰਗ ਰੂਟ ‘ਤੇ ਇੱਕ ਪ੍ਰਮੁੱਖ ਪੜਾਅ ਹੈ ਅਤੇ ਇਹ ਕਾਠਮੰਡੂ ਤੋਂ ਲਗਭਗ 150 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ।
ਪੁਲਿਸ ਇੰਸਪੈਕਟਰ ਮੌਸਮ ਤਾਮਾਂਗ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਭਾਰਤੀ ਨਾਗਰਿਕ ਦੀ ਪਛਾਣ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ। ਜ਼ਖ਼ਮੀ ਯਾਤਰੀ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਅਤੇ ਇਸ ਸਮੇਂ ਉਸਦਾ ਲੁਕਲਾ (Lukla) ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਿਸ ਜਾਣਕਾਰੀ ਅਸਾਰ, ਟੱਕਰ ਤੋਂ ਬਾਅਦ ਹੈਲੀਕਾਪਟਰਾਂ ਵਿੱਚ ਅੱਗ ਨਹੀਂ ਲੱਗੀ, ਹਾਲਾਂਕਿ ਦੋਵੇਂ ਹੈਲੀਕਾਪਟਰ ਲੈਂਡਿੰਗ ਹਾਦਸੇ ਦਾ ਸ਼ਿਕਾਰ ਹੋ ਗਏ।
ਦੋਵਾਂ ਜਹਾਜ਼ਾਂ ਦੀ ਆਪਸ ਵਿੱਚ ਟੱਕਰ ਕਿਨ੍ਹਾਂ ਕਾਰਨਾਂ ਕਰਕੇ ਹੋਈ, ਇਸ ਬਾਰੇ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਹੈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਸ ਹਾਦਸੇ ਨੇ ਨੇਪਾਲ ਦੇ ਪਹਾੜੀ ਐਵਰੈਸਟ ਖੇਤਰ ਵਿੱਚ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿੱਥੇ ਸੈਲਾਨੀਆਂ, ਪਰਬਤਾਰੋਹੀਆਂ ਦੀ ਆਵਾਜਾਈ ਅਤੇ ਐਮਰਜੈਂਸੀ ਬਚਾਅ ਕਾਰਜਾਂ ਲਈ ਹੈਲੀਕਾਪਟਰਾਂ ਦੀ ਵੱਡੀ ਭੂਮਿਕਾ ਹੁੰਦੀ ਹੈ।
ਜਾਂਚ ਜਾਰੀ ਰਹਿਣ ਕਾਰਨ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
