ਸਕਾਟਲੈਂਡ ‘ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਬੱਚਿਆਂ ਨੂੰ ਸਿੱਖੀ ਦੀਆਂ ਜੋੜਨ ਤੇ ਗੁਰਮੁਖੀ ਪੰਜਾਬੀ ਸਿਖਾਉਣ ਦੀ ਤਾਕੀਦ

ਗੁਰਪ੍ਰੀਤ ਸਿੰਘ :- ਰਾਜੀਵ ਸ਼ਰਮਾ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕਾਟਲੈਂਡ ਦੇ ਐਡਿਨਬਰਗ ਸ਼ਹਿਰ ਵਿਖੇ ਗੁਰੂ ਨਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸੰਗਤ ਨਾਲ ਗੁਰਮਤਿ ਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸਿੱਖੀ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ।

ਸਮਾਗਮ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕਾਟਲੈਂਡ ਦੇ ਪ੍ਰਮੁੱਖ ਸਿੱਖਾਂ ਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਉਨ੍ਹਾਂ ਪਾਸੋਂ ਸਮੱਸਿਆਵਾਂ ਜਾਂ ਚਿੰਤਾਵਾਂ ਅਤੇ ਧਰਮ ਪ੍ਰਚਾਰ ਪ੍ਰਸਾਰ ਲਈ ਲੋੜਾਂ ਬਾਰੇ ਗੱਲਬਾਤ ਕੀਤੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆ ਕੇ ਸਿੱਖ ਇੱਥੇ ਸਕਾਟਲੈਂਡ ਵਿੱਚ ਵੱਸੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਹਨ, ਇਹ ਬਹੁਤ ਦੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਸੰਗਤ ਨੂੰ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਆਖਿਆ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਿੱਖੀ ਸੱਭਿਆਚਾਰ, ਰਵਾਇਤਾਂ ਅਤੇ ਸਿਧਾਂਤਾਂ ਨਾਲ ਜੁੜੇ ਤੇ ਸਰਬੱਤ ਦੇ ਭਲੇ ਦੇ ਕਾਰਜ ਕਰੇ।

ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਐਡਿਨਬਰਗ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਗੁਰੂ ਘਰ ਅੰਦਰ ਵਿਸ਼ੇਸ਼ ਪ੍ਰਬੰਧ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਸੰਗਤ ਪੰਜਾਬ ਨਾਲ ਜੁੜੀ ਰਹੇ ਅਤੇ ਸਮੇਂ-ਸਮੇਂ ਆਪਣੇ ਪਿੰਡਾਂ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਆਵੇ। ਇਸ ਮੌਕੇ ਵੱਡੀ ਗਿਣਤੀ ਵਿੱਤ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਜਿਨ੍ਹਾਂ ਨਾਲ ਬੈਠ ਕੇ ਸਿੰਘ ਸਾਹਿਬ ਨੇ ਵਿਚਾਰਾਂ ਸਾਂਝੀਆਂ ਕੀਤੀਆਂ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਐਡਿਨਬਰਗ ਸ਼ਹਿਰ ਦੀ ਖ਼ੂਬੀ ਹੈ ਕਿ ਜਿੱਥੇ ਸਿੱਖ ਸੱਚੀ ਸੁੱਚੀ ਕਿਰਤ ਕਰਦਿਆਂ ਚੜ੍ਹਦੀ ਕਲਾ ਨਾਲ ਇੱਥੇ ਵੱਸੇ ਹਨ ਉੱਥੇ ਹੀ ਇਸ ਜਗ੍ਹਾ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਤੇ ਵਿਰਾਸਤੀ ਇਮਾਰਤਾਂ ਹੂਬਹੂ ਉਸੇ ਤਰ੍ਹਾਂ ਸੰਭਾਲੀਆਂ ਹਨ ਜਿਵੇਂ ਉਹ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਵਿਰਾਸਤ ਉਸਦਾ ਮੁੱਢ ਹੁੰਦੀ ਹੈ, ਇਸ ਲਈ ਸਿੱਖੀ ਵਿਰਾਸਤ ਨੂੰ ਵੀ ਹਰ ਹੀਲੇ ਉਸੇ ਤਰ੍ਹਾਂ ਸੰਭਾਲਿਆ ਜਾਣਾ ਚਾਹੀਦਾ ਹੈ ਜਿਵੇਂ ਐਡਿਨਬਰਗ ਵਿਖੇ ਇੱਥੋਂ ਦੀ ਵਿਰਾਸਤ ਸੰਭਾਲੀ ਗਈ ਹੈ।

By Rajeev Sharma

Leave a Reply

Your email address will not be published. Required fields are marked *