ਗੁਰਪ੍ਰੀਤ ਸਿੰਘ :- ਜਬਰ-ਜਨਾਹ ਦੇ ਮਾਮਲੇ ਵਿੱਚ ਅਮਰਜੀਤ ਸਿੰਘ ਚਾਵਲਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਦਰਜ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਹੁਣ ਤਿੰਨ ਹੋਰ ਵਿਅਕਤੀਆਂ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਵਿੱਚ ਕੁਝ ਨਵੀਆਂ ਕਾਨੂੰਨੀ ਧਾਰਾਵਾਂ ਵੀ ਜੋੜੀਆਂ ਹਨ। ਇਸ ਕਾਰਵਾਈ ਤੋਂ ਬਾਅਦ ਜਾਂਚ ਦਾ ਘੇਰਾ ਹੋਰ ਵਧ ਗਿਆ ਹੈ।
ਪੁਲਿਸ ਵੱਲੋਂ ਇਹ ਕਾਰਵਾਈ ਸ੍ਰੀ ਅਨੰਦਪੁਰ ਸਾਹਿਬ ਥਾਣੇ ਵਿੱਚ ਦਰਜ ਐੱਫਆਈਆਰ ਨੰਬਰ 149/26 ਦੇ ਆਧਾਰ ’ਤੇ ਕੀਤੀ ਗਈ ਹੈ। ਨਵੇਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਮੇਜਰ ਸਿੰਘ ਵਾਸੀ ਪਿੰਡ ਸਬਰਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਮਲਕੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਅਤੇ ਮੋਹਨ ਸਿੰਘ ਵਾਸੀ ਮੁਹੱਲਾ ਕੁਰਾਲੀਵਾਲਾ, ਸ੍ਰੀ ਅਨੰਦਪੁਰ ਸਾਹਿਬ ਸ਼ਾਮਲ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 75, 78, 296 ਅਤੇ 299 ਸ਼ਾਮਲ ਕੀਤੀਆਂ ਹਨ। ਇਸ ਤੋਂ ਇਲਾਵਾ ਸੂਚਨਾ ਤਕਨਾਲੋਜੀ ਕਾਨੂੰਨ (ਆਈਟੀ ਐਕਟ) ਦੀ ਧਾਰਾ 67 ਵੀ ਜੋੜੀ ਗਈ ਹੈ।
ਬਹਿਰੀਨ ਤੋਂ ਆਈ ਮਹਿਲਾ ਨੇ ਲਗਾਏ ਸਨ ਗੰਭੀਰ ਦੋਸ਼
ਮਿਲੀ ਜਾਣਕਾਰੀ ਅਨੁਸਾਰ, ਇਹ ਮਾਮਲਾ ਬਹਿਰੀਨ ਤੋਂ ਆਈ ਇੱਕ ਮਹਿਲਾ ਨਾਲ ਸਬੰਧਤ ਹੈ, ਜੋ ਲੰਬੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਰਹੀ ਸੀ। ਮਹਿਲਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਉਹ ਧਾਰਮਿਕ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਆਈ ਸੀ। ਇਸ ਦੌਰਾਨ ਅਮਰਜੀਤ ਸਿੰਘ ਚਾਵਲਾ ਉਸ ਨੂੰ ਵੱਖ-ਵੱਖ ਥਾਵਾਂ ’ਤੇ ਲੈ ਕੇ ਗਿਆ ਅਤੇ ਕਈ ਵਾਰ ਉਸ ਨਾਲ ਜਬਰ-ਜਨਾਹ ਕੀਤਾ।
ਮਹਿਲਾ ਨੇ ਆਪਣੇ ਬਿਆਨ ਵਿੱਚ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਉਸ ਨੂੰ ਕੁਝ ਸਮੇਂ ਲਈ ਇੱਕ ਕਮਰੇ ਵਿੱਚ ਬੰਦ ਰੱਖਣ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਸ਼ਿਕਾਇਤਕਰਤਾ ਮੁਤਾਬਕ, ਇਨ੍ਹਾਂ ਘਟਨਾਵਾਂ ਕਾਰਨ ਉਹ ਇੰਨੀ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘੀ ਕਿ ਉਸ ਦੀ ਸਿਹਤ ਵੀ ਖ਼ਰਾਬ ਹੋ ਗਈ ਅਤੇ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਧਾਰਮਿਕ ਆਗੂਆਂ ਨੂੰ ਜਾਣਕਾਰੀ ਦੇਣ ਦਾ ਵੀ ਕੀਤਾ ਦਾਅਵਾ
ਐੱਫਆਈਆਰ ਵਿੱਚ ਦਰਜ ਮਹਿਲਾ ਦੇ ਬਿਆਨ ਅਨੁਸਾਰ, ਉਸ ਨੇ ਇਸ ਮਾਮਲੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਕੁਲਦੀਪ ਸਿੰਘ ਅਤੇ ਹੋਰ ਕਈ ਵਿਅਕਤੀਆਂ ਨੂੰ ਵੀ ਜਾਣਕਾਰੀ ਦਿੱਤੀ ਸੀ। ਮਹਿਲਾ ਦਾ ਦੋਸ਼ ਹੈ ਕਿ ਇੰਨੀ ਗੰਭੀਰ ਸ਼ਿਕਾਇਤ ਕਰਨ ਦੇ ਬਾਵਜੂਦ ਉਸ ਸਮੇਂ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਇਸ ਸਬੰਧੀ ਸਬੰਧਤ ਵਿਅਕਤੀਆਂ ਦਾ ਪੱਖ ਅਤੇ ਪੁਲਿਸ ਦੀ ਜਾਂਚ ਦੇ ਨਤੀਜੇ ਸਾਹਮਣੇ ਆਉਣੇ ਅਜੇ ਬਾਕੀ ਹਨ।
ਅਮਰਜੀਤ ਸਿੰਘ ਚਾਵਲਾ ਨੇ ਦੋਸ਼ ਨਕਾਰੇ
ਦੂਜੇ ਪਾਸੇ, ਅਮਰਜੀਤ ਸਿੰਘ ਚਾਵਲਾ ਨੇ ਆਪਣੇ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ ਸਹੀ ਨਹੀਂ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ਅਤੇ ਨਵੀਆਂ ਧਾਰਾਵਾਂ ਜੋੜਨ ਤੋਂ ਬਾਅਦ ਜਾਂਚ ਦੇ ਅਗਲੇ ਪੜਾਅ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਅਤੇ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ।
