ਗੁਰਪ੍ਰੀਤ ਸਿੰਘ :- ਪਟਿਆਲਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਪਟਿਆਲਾ-ਸੰਗਰੂਰ ਕੌਮੀ ਮਾਰਗ ‘ਤੇ ਭਾਖੜਾ ਨਹਿਰ ਉੱਪਰ ਬਣੇ ਪੁਲ ਦਾ ਇੱਕ ਪਾਸਾ ਅਚਾਨਕ ਢਹਿ ਗਿਆ। ਪੁਲ ਦਾ ਵੱਡਾ ਹਿੱਸਾ ਟੁੱਟ ਕੇ ਹੇਠਾਂ ਡਿੱਗਣ ਕਾਰਨ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਇਸ ਹਾਦਸੇ ਦੌਰਾਨ ਦੋ ਟਰੱਕ ਵੀ ਪੁਲ ਤੋਂ ਹੇਠਾਂ ਨਹਿਰ ਵੱਲ ਡਿੱਗ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਾਸਿਆਣਾ ਨੇੜੇ ਵਾਪਰੀ ਹੈ। ਪਟਿਆਲਾ ਤੋਂ ਸੰਗਰੂਰ ਵੱਲ ਜਾਣ ਵਾਲੇ ਇਸ ਮਹੱਤਵਪੂਰਨ ਮਾਰਗ ‘ਤੇ ਭਾਖੜਾ ਨਹਿਰ ਉੱਪਰ ਬਣਿਆ ਪੁਲ ਅਚਾਨਕ ਨੁਕਸਾਨਿਆ ਗਿਆ। ਪੁਲ ਦਾ ਇੱਕ ਪਾਸਾ ਟੁੱਟਣ ਨਾਲ ਆਵਾਜਾਈ ਲਈ ਬਣਿਆ ਰਸਤਾ ਵੀ ਪ੍ਰਭਾਵਿਤ ਹੋ ਗਿਆ।
ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੁਲ ਦਾ ਵੱਡਾ ਹਿੱਸਾ ਢਹਿਣ ਸਮੇਂ ਉੱਥੋਂ ਲੰਘ ਰਹੇ ਦੋ ਟਰੱਕ ਵੀ ਹੇਠਾਂ ਜਾ ਡਿੱਗੇ। ਅਚਾਨਕ ਵਾਪਰੀ ਇਸ ਘਟਨਾ ਕਾਰਨ ਮੌਕੇ ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
