ਗੁਰਪ੍ਰੀਤ ਸਿੰਘ :- ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈਕਾ ਵਿਖੇ 10 ਨਵੰਬਰ ਨੂੰ ਇੱਕ ਡੇਅਰੀ ’ਤੇ ਹੋਈ ਫਾਇਰਿੰਗ ਦੀ ਵਾਰਦਾਤ ਨੇ ਪੁਲਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਜਿਸ ਗੋਲੀਕਾਂਡ ਨੂੰ ਸ਼ੁਰੂਆਤੀ ਜਾਂਚ ਦੌਰਾਨ ਗੈਂਗਸਟਰਾਂ ਦੀ ਕਾਰਵਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਉਸ ਦੀ ਜਾਂਚ ‘ਚ ਹੁਣ ਭਾਰਤੀ ਫ਼ੌਜ ਦੇ ਤਿੰਨ ਜਵਾਨਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੂਰੀ ਯੋਜਨਾਬੰਦੀ ਨਾਲ ਪਹਿਲਾਂ ਇੱਕ ਰਾਹਗੀਰ ਤੋਂ ਮੋਟਰਸਾਈਕਲ ਲੁੱਟਿਆ ਅਤੇ ਫਿਰ ਉਸੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੇਅਰੀ ’ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਆਲਟੋ ਕਾਰ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਬਠਿੰਡਾ ਪੁਲਸ ਨੇ ਤਿੰਨਾਂ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨੋਂ ਮੁਲਜ਼ਮ ਇਸ ਸਮੇਂ ਉੱਤਰ ਪ੍ਰਦੇਸ਼ ‘ਚ ਫ਼ੌਜ ਦੀ ਇੱਕ ਯੂਨਿਟ ‘ਚ ਤਾਇਨਾਤ ਦੱਸੇ ਜਾ ਰਹੇ ਹਨ। ਪੁਲਸ ਜਾਂਚ ਮੁਤਾਬਕ 10 ਨਵੰਬਰ ਨੂੰ ਤਿੰਨੋਂ ਮੁਲਜ਼ਮ ਆਲਟੋ ਕਾਰ ‘ਚ ਸਵਾਰ ਹੋ ਕੇ ਭਗਤਾ ਭਾਈਕਾ ਇਲਾਕੇ ‘ਚ ਪਹੁੰਚੇ ਸਨ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਥਾਣਾ ਭਗਤਾ ਅਧੀਨ ਪੈਂਦੇ ਪਿੰਡ ਕਾਂਗੜ ਨੇੜੇ ਇੱਕ ਰਾਹਗੀਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦਾ ਮੋਟਰਸਾਈਕਲ ਲੁੱਟ ਲਿਆ। ਇਸ ਤੋਂ ਬਾਅਦ ਤਿੰਨਾਂ ਨੇ ਆਪਣੀਆਂ ਭੂਮਿਕਾਵਾਂ ਤੈਅ ਕਰ ਲਈਆਂ। ਇੱਕ ਮੁਲਜ਼ਮ ਆਲਟੋ ਕਾਰ ਲੈ ਕੇ ਕੁੱਝ ਦੂਰੀ ’ਤੇ ਰੁਕ ਗਿਆ, ਜਦੋਂ ਕਿ ਉਸ ਦੇ ਦੋ ਸਾਥੀ ਲੁੱਟੇ ਹੋਏ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੇਅਰੀ ਪਹੁੰਚੇ ਅਤੇ ਉੱਥੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ ਨੂੰ ਸੁੰਨਸਾਨ ਥਾਂ ’ਤੇ ਛੱਡ ਕੇ ਵਾਪਸ ਕਾਰ ਕੋਲ ਪਹੁੰਚੇ। ਉੱਥੇ ਤੀਜਾ ਸਾਥੀ ਪਹਿਲਾਂ ਤੋਂ ਹੀ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਇਸ ਤੋਂ ਬਾਅਦ ਤਿੰਨੋਂ ਕਾਰ ‘ਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਗਏ। ਫਾਇਰਿੰਗ ਦੀ ਘਟਨਾ ਤੋਂ ਬਾਅਦ ਪੁਲਸ ਨੇ ਵਾਰਦਾਤ ਵਾਲੀ ਥਾਂ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ। ਇਸ ਦੌਰਾਨ ਪੁਲਸ ਨੂੰ ਇੱਕ ਸ਼ੱਕੀ ਆਲਟੋ ਕਾਰ ਦਾ ਸੁਰਾਗ ਮਿਲਿਆ। ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਗੱਡੀ ਮੁਲਜ਼ਮਾਂ ਵਿੱਚੋਂ ਇੱਕ ਦੇ ਨਾਮ ’ਤੇ ਰਜਿਸਟਰਡ ਹੈ। ਜਦੋਂ ਕਾਰ ਮਾਲਕ ਦੀ ਪਿਛੋਕੜ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਫ਼ੌਜ ‘ਚ ਨੌਕਰੀ ਕਰਨ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਜਾਂਚ ਦਾ ਘੇਰਾ ਵਧਾਉਂਦਿਆਂ ਉਸ ਦੇ ਦੋ ਹੋਰ ਸਾਥੀਆਂ ਦੀ ਪਛਾਣ ਵੀ ਕਰ ਲਈ ਗਈ। ਪੁਲਸ ਸੂਤਰਾਂ ਅਨੁਸਾਰ ਤਿੰਨੋਂ ਇੱਕੋ ਫ਼ੌਜੀ ਯੂਨਿਟ ਨਾਲ ਸਬੰਧਿਤ ਹਨ ਅਤੇ ਇਸ ਸਮੇਂ ਉੱਤਰ ਪ੍ਰਦੇਸ਼ ‘ਚ ਤਾਇਨਾਤ ਹਨ।
ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬਠਿੰਡਾ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ, ਪਰ ਅਜੇ ਤੱਕ ਕੋਈ ਵੀ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗਿਆ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਇੱਕ ਮੁਲਜ਼ਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧੇਵਾਲਾ, ਦੂਜਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਿਰਤੋਵਾਲ ਅਤੇ ਤੀਜਾ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਰਹਿਣ ਵਾਲਾ ਹੈ। ਪੁਲਸ ਵੱਲੋਂ ਉਨ੍ਹਾਂ ਦੀ ਮੌਜੂਦਾ ਲੋਕੇਸ਼ਨ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਰੈਗੂਲਰ ਫ਼ੌਜੀ ਹਨ ਜਾਂ ਅਗਨੀਵੀਰ, ਫ਼ੌਜ ਤੋਂ ਮੰਗੀ ਜਾ ਰਹੀ ਜਾਣਕਾਰੀ
ਇਸ ਮਾਮਲੇ ‘ਚ ਪੁਲਸ ਹੁਣ ਮੁਲਜ਼ਮਾਂ ਦੀ ਫ਼ੌਜੀ ਸੇਵਾ ਨਾਲ ਸਬੰਧਿਤ ਰਿਕਾਰਡ ਵੀ ਇਕੱਠਾ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਤਿੰਨੋਂ ਰੈਗੂਲਰ ਫ਼ੌਜੀ ਹਨ ਜਾਂ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸਨ। ਇਸ ਸਬੰਧੀ ਪੰਜਾਬ ਪੁਲਸ ਵੱਲੋਂ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਸਬੰਧਿਤ ਫ਼ੌਜੀ ਯੂਨਿਟ ਨੂੰ ਵੀ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਫਿਲਹਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਫ਼ੌਜ ‘ਚ ਤਾਇਨਾਤ ਦੱਸੇ ਜਾ ਰਹੇ ਇਨ੍ਹਾਂ ਜਵਾਨਾਂ ਨੇ ਡੇਅਰੀ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ? ਕੀ ਇਸ ਪਿੱਛੇ ਕੋਈ ਪੁਰਾਣੀ ਰੰਜਿਸ਼ ਸੀ, ਕਿਸੇ ਨੇ ਉਨ੍ਹਾਂ ਨੂੰ ਸੁਪਾਰੀ ਦਿੱਤੀ ਸੀ ਜਾਂ ਫਿਰ ਮਾਮਲਾ ਕਿਸੇ ਹੋਰ ਵਿਵਾਦ ਨਾਲ ਜੁੜਿਆ ਹੋਇਆ ਹੈ? ਪੁਲਸ ਅਧਿਕਾਰੀਆਂ ਮੁਤਾਬਕ ਅਜੇ ਤੱਕ ਫਾਇਰਿੰਗ ਦੇ ਅਸਲ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਪੁੱਛਗਿੱਛ ਤੋਂ ਬਾਅਦ ਹੀ ਪੂਰੀ ਸਾਜ਼ਿਸ਼, ਫਾਇਰਿੰਗ ਦੇ ਕਾਰਨ ਅਤੇ ਇਸ ਵਿੱਚ ਹੋਰ ਵਿਅਕਤੀਆਂ ਦੀ ਭੂਮਿਕਾ ਦਾ ਖ਼ੁਲਾਸਾ ਹੋ ਸਕੇਗਾ।
