ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ ਲੋਕ ਸਭਾ ਅਤੇ 2 ਦਸੰਬਰ ਨੂੰ ਰਾਜ ਸਭਾ ਦੀ ਬੈਠਕ

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਕੇਂਦਰ ਸਰਕਾਰ ਨੇ 30 ਨਵੰਬਰ 2026 ਨੂੰ ਲੋਕ ਸਭਾ ਅਤੇ ਬੁੱਧਵਾਰ, 2 ਦਸੰਬਰ 2026 ਨੂੰ ਰਾਜ ਸਭਾ ਦਾ ਇੱਕ ਦਿਨ ਦਾ ਸੈਸ਼ਨ ਬੁਲਾਇਆ ਹੈ। ਸਰਕਾਰ ਵੱਲੋਂ ਇਸ ਦੌਰਾਨ ਜ਼ਰੂਰੀ ਸਰਕਾਰੀ ਕੰਮਕਾਜ ਨਿਪਟਾਉਣ ਦੀ ਗੱਲ ਕਹੀ ਗਈ ਹੈ। ਕੰਮਕਾਜ ਦੀਆਂ ਲੋੜਾਂ ਨੂੰ ਦੇਖਦੇ ਹੋਏ ਦੋਵਾਂ ਸਦਨਾਂ ਦੀ ਕਾਰਵਾਈ 3 ਦਸੰਬਰ 2026 ਨੂੰ ਖ਼ਤਮ ਹੋਣ ਦੀ ਸੰਭਾਵਨਾ ਹੈ।
ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਨੂੰ ਜ਼ਰੂਰੀ ਸਰਕਾਰੀ ਕੰਮਕਾਜ ਨਿਪਟਾਉਣ ਲਈ ਲੋਕ ਸਭਾ ਦੀ ਬੈਠਕ ਸੋਮਵਾਰ, 30 ਨਵੰਬਰ ਅਤੇ ਰਾਜ ਸਭਾ ਦੀ ਬੈਠਕ ਬੁੱਧਵਾਰ, 2 ਦਸੰਬਰ ਨੂੰ ਮੁੜ ਬੁਲਾਉਣ ਦੀ ਬੇਨਤੀ ਕੀਤੀ ਹੈ। ਕੰਮਕਾਜ ਦੀ ਲੋੜ ਮੁਤਾਬਕ ਦੋਵਾਂ ਸਦਨਾਂ ਦੀ ਕਾਰਵਾਈ 3 ਦਸੰਬਰ ਨੂੰ ਖ਼ਤਮ ਹੋ ਸਕਦੀ ਹੈ।
ਕਾਂਗਰਸ ਕਰ ਸਕਦੀ ਹੈ ਸੰਸਦੀ ਰਣਨੀਤੀ ਸਮੂਹ ਦੀ ਬੈਠਕ
ਨਿਊਜ਼ ਏਜੰਸੀ ANI ਦੀ ਰਿਪੋਰਟ ਮੁਤਾਬਕ, ਇਸ ਐਲਾਨ ਤੋਂ ਬਾਅਦ ਕਾਂਗਰਸ ਸ਼ੁੱਕਰਵਾਰ ਸ਼ਾਮ 4:30 ਵਜੇ ਦਿੱਲੀ ਵਿੱਚ ਆਪਣੇ ‘ਸੰਸਦੀ ਰਣਨੀਤੀ ਸਮੂਹ’ (Parliamentary Strategy Group) ਦੀ ਬੈਠਕ ਕਰੇਗੀ। ਇਸ ਦੌਰਾਨ ਸੰਸਦ ਦੇ ਆਉਣ ਵਾਲੇ ਸੈਸ਼ਨ ਲਈ ਪਾਰਟੀ ਦੀ ਰਣਨੀਤੀ ਬਾਰੇ ਚਰਚਾ ਕੀਤੀ ਜਾਵੇਗੀ।
ਹੱਦਬੰਦੀ ਦੀ ਬਹਿਸ ਵਿਚਕਾਰ ਸੈਸ਼ਨ ਦਾ ਐਲਾਨ
ਇਹ ਪ੍ਰਸਤਾਵਿਤ ਸੈਸ਼ਨ ਅਜਿਹੇ ਸਮੇਂ ਬੁਲਾਇਆ ਜਾ ਰਿਹਾ ਹੈ ਜਦੋਂ ਦੇਸ਼ ਵਿੱਚ ਹੱਦਬੰਦੀ (Delimitation) ਅਤੇ ਮਹਿਲਾ ਰਾਖਵੇਂਕਰਨ ਨੂੰ ਲਾਗੂ ਕਰਨ ਦੀਆਂ ਸਰਕਾਰੀ ਯੋਜਨਾਵਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਨਿਊਜ਼ ਏਜੰਸੀ PTI ਦੇ ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਵੀ ਇਸ ਮੁੱਦੇ ‘ਤੇ ਚਰਚਾ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਮੰਤਰੀਆਂ ਨੂੰ ਸੰਸਦ ਦੇ ਆਉਣ ਵਾਲੇ ਸੈਸ਼ਨ ਲਈ ਤਿਆਰ ਰਹਿਣ ਲਈ ਕਿਹਾ ਸੀ।

ਸੰਵਿਧਾਨ (131ਵਾਂ ਸੋਧ) ਬਿੱਲ, 2026 ਦਾ ਉਦੇਸ਼ ਮਹਿਲਾ ਰਾਖਵੇਂਕਰਨ ਨੂੰ ਚੋਣ ਹਲਕਿਆਂ ਦੀ ਹੱਦਬੰਦੀ ਨਾਲ ਜੋੜਨਾ ਸੀ। ਹਾਲਾਂਕਿ, 17 ਅਪ੍ਰੈਲ ਨੂੰ ਲੋਕ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਇਹ ਬਿੱਲ ਲੋੜੀਂਦਾ ਦੋ-ਤਿਹਾਈ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਿਹਾ। ਇਸ ਬਿੱਲ ਦੇ ਪਾਸ ਨਾ ਹੋਣ ਤੋਂ ਬਾਅਦ ਹੱਦਬੰਦੀ ਦੀ ਪ੍ਰਕਿਰਿਆ ਅਤੇ ਲੋਕ ਸਭਾ ਦੀਆਂ ਸੀਟਾਂ ਵਿੱਚ ਪ੍ਰਸਤਾਵਿਤ ਵਾਧੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਹੱਦਬੰਦੀ ਸਬੰਧੀ ਚੱਲ ਰਹੀ ਬਹਿਸ ਵਿੱਚ ਇੱਕ ਪ੍ਰਸਤਾਵ ਇਹ ਵੀ ਸ਼ਾਮਲ ਹੈ ਕਿ ਸਾਰੇ ਸੂਬਿਆਂ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਵਿੱਚ 50 ਫੀਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 1971 ਦੀ ਜਨਗਣਨਾ ਦੇ ਆਧਾਰ ‘ਤੇ ਵੱਖ-ਵੱਖ ਸੂਬਿਆਂ ਵਿਚਕਾਰ ਲੋਕ ਸਭਾ ਸੀਟਾਂ ਦਾ ਮੌਜੂਦਾ ਅਨੁਪਾਤ ਬਰਕਰਾਰ ਰੱਖਣ ਦੀ ਗੱਲ ਵੀ ਸ਼ਾਮਲ ਹੈ।

ਦੋਵਾਂ ਸਦਨਾਂ ਦਾ ਇਹ ਸੈਸ਼ਨ ਅਜਿਹੇ ਸਮੇਂ ਹੋਣ ਜਾ ਰਿਹਾ ਹੈ ਜਦੋਂ ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਗਹਿਰਾਈ ਨਾਲ ਸੋਧ’ (Special Intensive Revision-SIR) ਨੂੰ ਲੈ ਕੇ ਚਿੰਤਾਵਾਂ ਜਤਾਈਆਂ ਹਨ। ਵਿਰੋਧੀ ਧਿਰ ਵੱਲੋਂ ਇਸ ਪ੍ਰਕਿਰਿਆ ‘ਤੇ ਸਵਾਲ ਚੁੱਕੇ ਗਏ ਹਨ ਅਤੇ ਉਮੀਦ ਹੈ ਕਿ ਸੰਸਦ ਵਿੱਚ ਇਸ ਮੁੱਦੇ ‘ਤੇ ਚਰਚਾ ਦੀ ਮੰਗ ਵੀ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *