IPL 2027 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦਾ ਵੱਡਾ ਫੈਸਲਾ, 3 ਸਾਲ ਬਾਅਦ ਮੁੜ ਕਪਤਾਨ ਬਣੇ ਰੋਹਿਤ ਸ਼ਰਮਾ

ਮੁੰਬਈ (ਲਖਵਿੰਦਰ ਸਿੰਘ) : IPL 2027 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਰੋਹਿਤ ਸ਼ਰਮਾ ਨੂੰ ਇੱਕ ਵਾਰ ਫਿਰ ਟੀਮ ਦੀ ਕਮਾਨ ਸੌਂਪ ਦਿੱਤੀ ਹੈ। ਫ੍ਰੈਂਚਾਈਜ਼ੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਤਿੰਨ ਸਾਲ ਬਾਅਦ ਮੁੜ ਟੀਮ ਦੇ ਕਪਤਾਨ ਵਜੋਂ ਵਾਪਸੀ ਕਰਨ ਜਾ ਰਹੇ ਹਨ। ਕਪਤਾਨੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਰੋਹਿਤ ਨੇ ਵੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

ਫ੍ਰੈਂਚਾਈਜ਼ੀ ਵੱਲੋਂ ਰੋਹਿਤ ਸ਼ਰਮਾ ਦਾ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ IPL ਦੇ 20ਵੇਂ ਸੀਜ਼ਨ ਵਿੱਚ ਇੱਕ ਵਾਰ ਫਿਰ ਟੀਮ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦੇਣ ਲਈ ਤਿਆਰ ਹਨ।
ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਾਂ: ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਰਹੀ ਹੈ ਅਤੇ ਇਸ ਟੀਮ ਦੀ ਕਪਤਾਨੀ ਕਰਨਾ ਉਨ੍ਹਾਂ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਟੀਮ ਮਿਲ ਕੇ ਕਾਫੀ ਕੁਝ ਹਾਸਲ ਕਰ ਸਕਦੀ ਹੈ।

ਰੋਹਿਤ ਨੇ ਕਿਹਾ ਕਿ ਉਹ 20ਵੇਂ ਸੀਜ਼ਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਆਪਣੀ ‘ਪਲਟਨ’ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦੇਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਟੀਮ ਦਾ ਪੂਰਾ ਧਿਆਨ ਆਪਣੇ ਅੰਦਾਜ਼ ਵਿੱਚ ਕ੍ਰਿਕਟ ਖੇਡਣ, ਮਿਲ ਕੇ ਮੁਕਾਬਲਾ ਕਰਨ ਅਤੇ ਖੇਡ ਦਾ ਆਨੰਦ ਲੈਣ ‘ਤੇ ਰਹੇਗਾ।
ਰੋਹਿਤ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਨੇ ਜਿੱਤੇ 5 IPL ਖਿਤਾਬ
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਹੀ ਮੁੰਬਈ ਇੰਡੀਅਨਜ਼ ਨੇ ਪੰਜ ਵਾਰ IPL ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਸਾਲ 2013, 2015, 2017, 2019 ਅਤੇ 2020 ਵਿੱਚ ਰੋਹਿਤ ਦੀ ਅਗਵਾਈ ਹੇਠ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।

ਹਾਲਾਂਕਿ, ਸਾਲ 2023 ਵਿੱਚ ਮੁੰਬਈ ਇੰਡੀਅਨਜ਼ ਨੇ ਕਪਤਾਨੀ ਵਿੱਚ ਬਦਲਾਅ ਕਰਦਿਆਂ ਹਾਰਦਿਕ ਪਾਂਡਿਆ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਹਾਰਦਿਕ ਦੀ ਅਗਵਾਈ ਵਿੱਚ ਟੀਮ ਦਾ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ। ਪਿਛਲੇ ਤਿੰਨ ਸੀਜ਼ਨਾਂ ਦੌਰਾਨ ਮੁੰਬਈ ਦੀ ਟੀਮ ਸਿਰਫ਼ ਇੱਕ ਵਾਰ ਹੀ ਪਲੇਆਫ਼ ਵਿੱਚ ਜਗ੍ਹਾ ਬਣਾ ਸਕੀ।

ਹੁਣ IPL 2027 ਵਿੱਚ ਰੋਹਿਤ ਸ਼ਰਮਾ ਦੀ ਕਪਤਾਨ ਵਜੋਂ ਵਾਪਸੀ ‘ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਮੁੰਬਈ ਇੰਡੀਅਨਜ਼ ਇੱਕ ਵਾਰ ਫਿਰ ਖਿਤਾਬ ਜਿੱਤਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ।

By Gurpreet Singh

Leave a Reply

Your email address will not be published. Required fields are marked *