ਨਿਊ ਚੰਡੀਗੜ੍ਹ (ਗੁਰਪ੍ਰੀਤ ਸਿੰਘ): ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਵਿਚਕਾਰ ਪਿਛਲੇ ਕਰੀਬ ਪੰਜ ਸਾਲਾਂ ਤੋਂ ਚੱਲ ਰਹੀ ਨਾਰਾਜ਼ਗੀ ਹੁਣ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਸ਼ੈਰੀ ਮਾਨ ਨੇ ਨਿਊ ਚੰਡੀਗੜ੍ਹ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਪਰਮੀਸ਼ ਵਰਮਾ ਨਾਲ ਜੁੜੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਦਿਖਾ ਕੇ ਆਪਣੀ ਦੋਸਤੀ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਆਪਣਾ ਮਸ਼ਹੂਰ ਗੀਤ ‘ਯਾਰੀ’ ਪੇਸ਼ ਕੀਤਾ, ਜਿਸ ਨੂੰ ਪਰਮੀਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਸ਼ੋਅ 28 ਨਵੰਬਰ ਨੂੰ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਓਮੈਕਸ ਵਰਲਡ ਸਟਰੀਟ ਵਿੱਚ ਸ਼ੈਰੀ ਮਾਨ ਦੇ ‘ਦੈਟ ਏਰਾ’ ਟੂਰ ਤਹਿਤ ਕਰਵਾਇਆ ਗਿਆ ਸੀ। ਗੀਤ ‘ਯਾਰੀ’ ਦੀ ਪੇਸ਼ਕਾਰੀ ਦੌਰਾਨ ਸਟੇਜ ਦੇ ਪਿੱਛੇ ਲੱਗੀ ਐੱਲਈਡੀ ਸਕ੍ਰੀਨ ’ਤੇ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀਆਂ ਪੁਰਾਣੀਆਂ ਨਿੱਜੀ ਤਸਵੀਰਾਂ ਤੇ ਵੀਡੀਓ ਕਲਿੱਪ ਦਿਖਾਈਆਂ ਗਈਆਂ। ਇਨ੍ਹਾਂ ਵਿੱਚ ਦੋਵਾਂ ਦੇ ਸ਼ੁਰੂਆਤੀ ਸੰਘਰਸ਼ ਅਤੇ ਇਕੱਠੇ ਬਿਤਾਏ ਸਮੇਂ ਦੀਆਂ ਝਲਕੀਆਂ ਸ਼ਾਮਲ ਸਨ।
ਗੀਤ ਦੇ ਅਖੀਰ ਵਿੱਚ ਸਕ੍ਰੀਨ ’ਤੇ ਪਰਮੀਸ਼ ਵਰਮਾ ਦੀ ਇੱਕ ਵੱਡੀ ਤਸਵੀਰ ਦਿਖਾਈ ਗਈ। ਇਸ ਤਸਵੀਰ ਵਿੱਚ ਉਹ ਕਰੀਮ ਅਤੇ ਲਾਲ ਰੰਗ ਦੀ ਸ਼ੇਰਵਾਨੀ ਪਹਿਨੇ ਅਤੇ ਫੁੱਲਾਂ ਦਾ ਹਾਰ ਪਾਏ ਹੱਥ ਹਿਲਾਉਂਦੇ ਨਜ਼ਰ ਆਏ। ਇਸੇ ਦੌਰਾਨ ਚਿੱਟੇ ਕੁੜਤੇ ਅਤੇ ਹਰੀਆਂ ਪੱਗਾਂ ਵਾਲੇ ਭੰਗੜਾ ਕਲਾਕਾਰ ਸਟੇਜ ’ਤੇ ਪਹੁੰਚੇ ਅਤੇ ਸ਼ੈਰੀ ਮਾਨ ਨਾਲ ਜਸ਼ਨ ਮਨਾਇਆ।
ਇਸ ਪੂਰੇ ਪਲ ਨੇ ਮੌਜੂਦ ਦਰਸ਼ਕਾਂ ਦਾ ਧਿਆਨ ਖਿੱਚਿਆ ਅਤੇ ਕਈ ਪ੍ਰਸ਼ੰਸਕ ਭਾਵੁਕ ਵੀ ਹੋ ਗਏ। ਸ਼ੈਰੀ ਮਾਨ ਦੇ ਇਸ ਅੰਦਾਜ਼ ਨੂੰ ਦੋਵਾਂ ਵਿਚਕਾਰ ਪੁਰਾਣੀ ਕੜਵਾਹਟ ਖ਼ਤਮ ਕਰਨ ਵੱਲ ਇੱਕ ਹੋਰ ਕਦਮ ਮੰਨਿਆ ਜਾ ਰਿਹਾ ਹੈ।
ਵਿਆਹ ਸਮਾਗਮ ਦੌਰਾਨ ਸ਼ੁਰੂ ਹੋਇਆ ਸੀ ਵਿਵਾਦ
ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀ ਦੋਸਤੀ ਵਿੱਚ ਦਰਾਰ ਕਰੀਬ ਪੰਜ ਸਾਲ ਪਹਿਲਾਂ ਪਈ ਸੀ। ਦੱਸਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੇ ਵਿਆਹ ਸਮਾਗਮ ਦੌਰਾਨ ਕੁਝ ਗੱਲਾਂ ਨੂੰ ਲੈ ਕੇ ਦੋਵਾਂ ਵਿਚਕਾਰ ਮਤਭੇਦ ਪੈਦਾ ਹੋ ਗਏ ਸਨ।
ਵਿਆਹ ਸਮਾਗਮ ਵਿੱਚ ਨਿੱਜਤਾ ਬਣਾਈ ਰੱਖਣ ਲਈ ਮਹਿਮਾਨਾਂ ਦੇ ਮੋਬਾਈਲ ਫੋਨ ਜਮ੍ਹਾਂ ਕਰਵਾ ਲਏ ਗਏ ਸਨ। ਸ਼ੈਰੀ ਮਾਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਸ ਤੋਂ ਇਲਾਵਾ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਣ ਕਾਰਨ ਪਰਮੀਸ਼ ਉਨ੍ਹਾਂ ਨੂੰ ਵਧੇਰੇ ਸਮਾਂ ਨਹੀਂ ਦੇ ਸਕੇ। ਸਮਾਗਮ ਤੋਂ ਵਾਪਸ ਆਉਣ ਮਗਰੋਂ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਲਾਈਵ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪਰਮੀਸ਼ ਬਾਰੇ ਇਤਰਾਜ਼ਯੋਗ ਸ਼ਬਦ ਵੀ ਵਰਤੇ।
ਕਰੀਬ ਇੱਕ ਸਾਲ ਬਾਅਦ ਸ਼ੈਰੀ ਮਾਨ ਨੇ ਮੁੜ ਇੰਸਟਾਗ੍ਰਾਮ ਲਾਈਵ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਰਮੀਸ਼ ਵਰਮਾ ਨੂੰ ਭਾਰਤ ਆ ਕੇ ਮਿਲਣ ਦੀ ਚੁਣੌਤੀ ਦਿੱਤੀ ਅਤੇ ਅਪਸ਼ਬਦ ਬੋਲੇ। ਇਸ ਦੇ ਜਵਾਬ ਵਿੱਚ ਪਰਮੀਸ਼ ਨੇ ਬਿਨਾਂ ਨਾਮ ਲਏ ਸੋਸ਼ਲ ਮੀਡੀਆ ਸਟੋਰੀ ਰਾਹੀਂ ਤਨਜ਼ ਕੱਸਿਆ ਸੀ। ਉਨ੍ਹਾਂ ਲਿਖਿਆ ਸੀ, “ਬਹੁਤ ਕਲਾਕਾਰ G.O.A.T. ਬਣਦੇ ਦੇਖੇ ਸਨ, ਇਹ ਪਹਿਲਾ ਹੈ ਜੋ ਗਧਾ ਬਣਦਾ ਦੇਖਿਆ।”
ਕੁਝ ਦਿਨਾਂ ਬਾਅਦ ਸ਼ੈਰੀ ਮਾਨ ਨੇ ਇੱਕ ਭਾਵੁਕ ਨੋਟ ਸਾਂਝਾ ਕਰਦਿਆਂ ਆਪਣੇ ਵਿਹਾਰ ’ਤੇ ਅਫ਼ਸੋਸ ਜਤਾਇਆ ਸੀ।
ਪੌਡਕਾਸਟ ਵਿੱਚ ਵੀ ਮੰਨੀ ਸੀ ਆਪਣੀ ਗਲਤੀ
ਹਾਲ ਹੀ ਵਿੱਚ ਇੱਕ ਪੌਡਕਾਸਟ ਇੰਟਰਵਿਊ ਦੌਰਾਨ ਸ਼ੈਰੀ ਮਾਨ ਨੇ ਇਸ ਵਿਵਾਦ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਮੰਨਿਆ ਸੀ ਕਿ ਉਸ ਸਮੇਂ ਉਨ੍ਹਾਂ ਵੱਲੋਂ ਵੀ ਗੱਲ ਹੱਦ ਤੋਂ ਵੱਧ ਵਧਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਸੀ, “ਮੇਰੀ ਵੱਲੋਂ ਵੀ ਓਵਰ ਹੋ ਗਿਆ ਸੀ।”
ਹੁਣ ਚੰਡੀਗੜ੍ਹ ਦੇ ਲਾਈਵ ਸ਼ੋਅ ਵਿੱਚ ‘ਯਾਰੀ’ ਗੀਤ ਦੌਰਾਨ ਪਰਮੀਸ਼ ਵਰਮਾ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਦਿਖਾਉਣ ਨੂੰ ਸ਼ੈਰੀ ਮਾਨ ਵੱਲੋਂ ਰਿਸ਼ਤੇ ਸੁਧਾਰਨ ਦੇ ਇੱਕ ਹੋਰ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਦੋਵਾਂ ਵਿਚਕਾਰ ਰਸਮੀ ਤੌਰ ’ਤੇ ਸੁਲ੍ਹਾ ਹੋਣ ਬਾਰੇ ਅਜੇ ਕੋਈ ਪੁਸ਼ਟੀ ਸਾਹਮਣੇ ਨਹੀਂ ਆਈ, ਪਰ ਸ਼ੈਰੀ ਮਾਨ ਦੀ ਇਸ ਪੇਸ਼ਕਾਰੀ ਨੇ ਉਨ੍ਹਾਂ ਦੀ ਪੁਰਾਣੀ ਦੋਸਤੀ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ।
