ਪੰਥਕ ਸੰਕਟ
ਜਥੇਦਾਰਾਂ ਨੂੰ ਹਟਾਉਣ ਤੇ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ’ਚ ਵੱਧ ਰਿਹਾ ਰੋਸ਼
ਅੰਤ੍ਰਿੰਗ ਕਮੇਟੀ ਦਾ ਫੈਂਸਲਾ ਸ਼੍ਰੋਮਣੀ ਅਕਾਲੀ ਦਲ ਲਈ ਨੁਕਸਾਨਦੇਹ ਸਾਬਤ ਹੋ ਸਕਦੈ
ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਇਕਦਮ ਅਹੁੱਦਿਆਂ ਤੋਂ ਹਟਾਏ ਜਾਣ ਤੋਂ ਬਾਅਦ ਸਿੱਖ ਸੰਗਤ ’ਚ ਜਿਹੜੀ ਰੋਸ ਦੀ ਚੰਗਿਆੜੀ ਭੜਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਆਉਣ ਵਾਲੇ ਦਿਨਾ ’ਚ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਫੈਂਸਲੇ ਦਾ ਨਿਹੰਗ ਸਿੰਘ ਜਥੇਬੰਦੀਆ, ਦਮਦਮੀ ਟਕਸਾਲ, ਸਿੱਖ ਸੰਪ੍ਰਦਾਵਾਂ ਤੇ ਦੇਸ਼ ਵਿਦੇਸ਼ ਦੀਆ ਸੰਗਤਾਂ ਵਲੋਂ ਜਿਥੇ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਸ਼੍ਰੋਮਣੀ ਕਮੇਟੀ ਦੇ ਫੈਂਸਲੇ ਨਾਲ ਅਸਹਿਮਤੀ ਜਿਤਾਉਣ ਸਮੇਤ ਸੀਨੀਅਰ ਲੀਡਰਾਂ ਵਲੋਂ ਲਗਾਤਾਰ ਪਾਰਟੀ ਦੇ ਅਹੁੱਦਿਆਂ ਤੋਂ ਦਿਤੇ ਜਾ ਰਹੇ ਅਸਤੀਫੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਲਈ ਠੀਕ ਨਹੀ ਸਮਝੇ ਜਾ ਰਹੇ। ਸਿੱਖ ਸੰਗਤ ਤੇ ਰੋਸ ਜਿਤਾਉਣ ਵਾਲੇ ਅਕਾਲੀ ਲੀਡਰਸ਼ਿੱਪ ਦੇ ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਮੂਹ ਤਖਤ ਸਿੱਖ ਕੋਮ ਲਈ ਸਰਵੋਤਮ ਹਨ ਜਿੰਨਾ ਦੇ ਜਥੇਦਾਰ ਸਾਹਿਬਾਨਾ ਨਾਲ ਇਕ ਵਿਸ਼ੇਸ਼ ਪਰਿਵਾਰ ਦੇ ਦਬਾਅ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਲੂਕ ਕੀਤਾ ਜਾ ਰਿਹਾ ਹੈ ਉਸ ਨਾਲ ਹਰੇਕ ਨਾਨਕ ਨਾਮਲੇਵਾ ਸਿੱਖ ਦੇ ਹਿਰਦੈ ਨੂੰ ਡੂੰਗੀ ਠੇਸ ਪਹੁੰਚੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਫੈਂਸਲੇ ਨੇ ਇਕ ਵੱਡਾ ਵਿਵਾਦ ਪੈਦਾ ਕਰ ਦਿਤਾ ਹੈ ਜਿਹੜਾ ਕਿ ਅਜੇ ਕਿਸੇ ਵੀ ਪੱਖੋਂ ਟਲਦਾ ਨਜ਼ਰ ਨਹੀ ਆ ਰਿਹਾ, ਤਖਤ ਸ੍ਰੀ ਕੇਸਗੜ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਤਾਜਪੋਸ਼ੀ ਦਾ ਨਿਹੰਗ ਸਿੰਘ ਜਥੇਬੰਦੀਆ ਵਲੋਂ ਜੋਰਦਾਰ ਢੰਗ ਨਾਲ ਵਿਰੋਧ ਕਰਨ ਦੇ ਐਲਾਨ ਤੋਂ ਬਾਅਦ ਭਾਂਵੇ ਸ਼੍ਰੋਮਣੀ ਕਮੇਟੀ ਨੇ 10 ਮਾਰਚ ਨੂੰ ਸਮੇਂ ਤੋਂ ਪਹਿਲਾਂ ਹੀ ਉਨਾ ਦੀ ਤਾਜਪੋਸ਼ੀ ਕਰ ਦਿਤੀ ਸੀ ਪਰ ਜੇਕਰ ਠੀਕ ਸਮੇਂ ’ਤੇ ਤਾਜਪੋਸ਼ੀ ਹੁੰਦੀ ਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਾਜਪੋਸ਼ੀ ਸਮਾਗਮ ਦਾ ਮਾਹੋਲ ਭਿਆਨਕ ਰੂਪ ਧਾਰਨ ਕਰ ਸਕਦਾ ਸੀ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਦਸਤਾਰ ਬੰਦੀ ਵੇਲੇ ਜਿਥੇ ਮਰਿਯਾਦਾ ਦਾ ਵੱਡਾ ਘਾਣ ਹੋਣ ਬਾਰੇ ਬਿਆਨ ਦਿਤਾ ਹੈ ਉਥੇ ਹੀ ਇਸ ਨਿਯੁਕਤੀ ਤੋਂ ਬਾਅਦ ਹੁਣ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ 14 ਮਾਰਚ ਨੂੰ ਗੁ.ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿਚ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਬਹਿਰਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦੇ ਦਬਾਅ ’ਚ ਆ ਕੇ ਜਥੇਦਾਰ ਸਾਹਿਬਾਨਾ ਨੂੰ ਹਟਾਉਣ ਦਾ ਫੈਂਸਲਾ ਵਾਪਸ ਲੈਂਦੀ ਹਾਂ ਜਾਂ ਫਿਰ ਆਪਣੇ ਫੈਂਸਲੇ ’ਤੇ ਕਾਇਮ ਰਹਿੰਦੀ ਹੈ ਪਰ ਇਕ ਗੱਲ ਤਾਂ ਪੱਕੀ ਹੈ ਕਿ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਕ ਵਾਰ ਫੇਰ ਸਵਾਲਾਂ ਅਤੇ ਵਿਰੋਧ ਦੇ ਘੇਰੇ ’ਚ ਲਿਆ ਖੜਾ ਕੀਤਾ ਹੈ।
