ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਲੈ ਕੇ ਲਿਆ ਗਿਆ ਵੱਡਾ ਫੈ਼ਸਲਾ!

ਨੈਸ਼ਨਲ ਟਾਈਮਜ਼ ਬਿਊਰੋ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ, ਰਵਾਇਤ ਅਤੇ ਸੇਵਾ ਪ੍ਰਣਾਲੀ ਨੂੰ ਹੋਰ ਸੁਚੱਜਾ ਅਤੇ ਦਰਸ਼ਨਿਕ ਬਣਾਉਣ ਦੇ ਉਦੇਸ਼ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਦੀ ਵਰਦੀ ਵਿਚ ਅਹਿਮ ਅਤੇ ਜ਼ਰੂਰੀ ਤਬਦੀਲੀ ਕੀਤੀ ਗਈ ਹੈ। ਇਸ ਨਵੇਂ ਫੈਸਲੇ ਅਧੀਨ ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਤਾਇਨਾਤ ਸੇਵਾਦਾਰ ਦੋ ਵੱਖ-ਵੱਖ ਰੰਗਾਂ-ਪੀਲ਼ੀ ਅਤੇ ਗੂੜ੍ਹੇ ਨੀਲੇ ਰੰਗ ਦੀ ਵਰਦੀ ਵਿਚ ਨਜ਼ਰ ਆਉਣਗੇ। ਜਾਣਕਾਰੀ ਅਨੁਸਾਰ ਸੇਵਾਦਾਰ ਹਫ਼ਤੇ ਵਿਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। 

ਨਵੀਂ ਵਿਵਸਥਾ ਮੁਤਾਬਕ ਜਦੋਂ ਸੇਵਾਦਾਰ ਪੀਲ਼ੀ ਵਰਦੀ ਪਹਿਨਣਗੇ ਤਾਂ ਉਨ੍ਹਾਂ ਦੀ ਦਸਤਾਰ ਨੀਲੇ ਰੰਗ ਦੀ ਹੋਵੇਗੀ ਅਤੇ ਜਦੋਂ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੇ ਰੰਗ ਦੀ ਪਹਿਨੀ ਜਾਵੇਗੀ। ਇਸ ਰੰਗੀਨ ਸੰਯੋਗ ਨਾਲ ਸੇਵਾਦਾਰਾਂ ਦੀ ਪਛਾਣ ਸਾਫ਼ ਹੋਣ ਦੇ ਨਾਲ-ਨਾਲ ਦਰਸ਼ਨਿਕ ਸੁੰਦਰਤਾ ਵਿਚ ਵੀ ਵਾਧਾ ਹੋਵੇਗਾ। ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡਿਆਂ ਦੀ ਘਢਾਈ ਕੀਤੀ ਗਈ ਹੈ, ਜੋ ਸਿੱਖੀ ਦੀ ਸ਼ਾਨ ਅਤੇ ਪਛਾਣ ਨੂੰ ਦਰਸਾਉਂਦੀ ਹੈ। 

ਇਸ ਤੋਂ ਇਲਾਵਾ ਛਾਤੀ ਉੱਤੇ ਸਾਫ਼ ਅੱਖਰਾਂ ਵਿਚ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ, ਜੋ ਮਰਿਆਦਾ ਅਤੇ ਪਵਿੱਤਰਤਾ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਸੇਵਾਦਾਰਾਂ ਨੂੰ ਕਮਰਕੱਸੇ ਵਜੋਂ ਕੱਪੜੇ ਦੀਆਂ ਵਿਸ਼ੇਸ਼ ਬੈਲਟਾਂ ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ। ਨਵੀਂ ਵਰਦੀ ਸੇਵਾਦਾਰਾਂ ਨੂੰ ਪਹਿਲਾਂ ਨਾਲੋਂ ਹੋਰ ਅਨੁਸ਼ਾਸਿਤ, ਪ੍ਰਭਾਵਸ਼ਾਲੀ ਅਤੇ ਦਰਸ਼ਨਿਕ ਰੂਪ ਵਿਚ ਪੇਸ਼ ਕਰੇਗੀ। 

By Gurpreet Singh

Leave a Reply

Your email address will not be published. Required fields are marked *