ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

ਗੁਰਦਾਸਪੁਰ-ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਲੀ ਸਮੇਤ ਹੋਰ ਥਾਵਾਂ ਨਾਲ ਸਿੱਧੇ ਤੌਰ ’ਤੇ ਜੋੜਨ ਲਈ ਗੁਰਦਾਸਪੁਰ-ਮੁਕੇਰੀਆਂ ਰੇਲਵੇ ਤਿਆਰ ਹੋਣ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਤਹਿਤ ਰੇਲਵੇ ਮੰਤਰਾਲੇ ਨੇ ਇਸ ਰੇਲ ਲਿੰਕ ਪ੍ਰਾਜੈਕਟ ਲਈ 75 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਅਖੀਰਲੇ ਸਰਵੇ ਨੂੰ ਮਨਜ਼ੂਰ ਕਰ ਲਿਆ ਹੈ। ਇਸ ਤਹਿਤ ਰੇਲ ਮੰਤਰਾਲੇ ਵੱਲੋਂ 30 ਕਿ.ਮੀ. ਲੰਬੇ ਗੁਰਦਾਸਪੁਰ-ਮੁਕੇਰੀਆਂ ਰੇਲ ਲਿੰਕ ਲਈ ਅੰਤਿਮ ਸਥਾਨਕ ਸਰਵੇਅ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਨਾਲ ਸਬੰਧਤ ਇਸ ਸਰਵੇ ਬਾਰੇ ਜਾਰੀ ਪੱਤਰ ਦੇ ਬਾਅਦ ਇਸ ਨੂੰ ਇਕ ਵੱਡੀ ਉਪਲਬਧੀ ਕਰਾਰ ਦਿੰਦਿਆਂ ਕੇਂਦਰੀ ਰਾਜ ਮੰਤਰੀ (ਰੇਲ ਮੰਤਰਾਲਾ ਅਤੇ ਖਾਦ ਪ੍ਰੋਸੈਸਿੰਗ ਉਦਯੋਗ) ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਰੇਲ ਲਾਈਨ ਇਸ ਖੇਤਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

ਸਿੱਧੇ ਤੌਰ ’ਤੇ ਘੱਟ ਹੋਵੇਗਾ 50 ਕਿਲੋਮੀਟਰ ਸਫਰ

ਰਵਨੀਤ ਸਿੰਘ ਬਿੱਟੂ ਨੇ ਹੋਰ ਦੱਸਿਆ ਕਿ ਗੁਰਦਾਸਪੁਰ ਪੰਜਾਬ ਦੇ ਮਾਝਾ ਖੇਤਰ ’ਚ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਇਹ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਇਕ ਜ਼ਿਲ੍ਹਾ ਹੈੱਡ ਕੁਆਰਟਰ ਹੈ। ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਅਨਾਜ ਅਤੇ ਖਾਦ ਦੀ ਲੋਡਿੰਗ ਅਨਲੋਡਿੰਗ ਹੁੰਦੀ ਹੈ ਅਤੇ ਹਰ ਮਹੀਨੇ ਔਸਤਨ 5 ਰੇਕ ਲੱਗਦੇ ਹਨ।

ਇਲਾਕੇ ’ਚ ਛੀਨਾ ਅਤੇ ਕੱਥੂਨੰਗਲ ਨਾਮ ਦੀਆਂ ਦੋ ਗੁੱਡਸ ਕੈਰੀਅਰ ਟਰਮੀਨਲ (ਜੀ. ਸੀ. ਟੀਸ) ਵੀ ਕੰਮ ਕਰ ਰਹੀਆਂ ਹਨ। ਇਸ ਖੇਤਰ ਦਾ ਮਾਲ ਅੰਬਾਲਾ ਦਿੱਲੀ ਰਾਹੀਂ ਗਾਂਹ ਦੇਸ਼ ਦੇ ਹੋਰ ਹਿੱਸਿਆਂ ਵੱਲ ਭੇਜਣ ਲਈ ਵਾਇਆ ਅੰਮ੍ਰਿਤਸਰ ਜਲੰਧਰ ਰਾਹੀਂ ਲਗਭਗ 140 ਕਿ. ਮੀ. ਜਾਂ ਪਠਾਨਕੋਟ ਅਤੇ ਜਲੰਧਰ ਰਾਹੀਂ ਲਗਭਗ 142 ਕਿ.ਮੀ. ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ।

ਕਈ ਵਾਰ ਰੇਕਾਂ ਨੂੰ ਅੰਮ੍ਰਿਤਸਰ ਰਾਹੀਂ ਜਾਂਦੇ ਹੋਏ ਰਿਵਰਸ ਵੀ ਕਰਨਾ ਪੈਂਦਾ ਹੈ। ਇਹ ਨਵੀਂ ਲਾਈਨ ਬਣਨ ਤੋਂ ਬਾਅਦ ਇਹ ਟ੍ਰੈਫਿਕ ਮੁਕੇਰੀਆਂ ਰਾਹੀਂ (ਲਗਭਗ 92 ਕਿ.ਮੀ.) ਚਲ ਸਕੇਗੀ, ਜਿਸ ਨਾਲ ਹਰੇਕ ਰੇਕ ’ਤੇ ਤਕਰੀਬਨ 50 ਕਿ.ਮੀ. ਦੀ ਬਚਤ ਹੋਵੇਗੀ ਅਤੇ ਅੰਮ੍ਰਿਤਸਰ ਰਿਵਰਸ ਵੀ ਨਹੀਂ ਕਰਨਾ ਪਏਗਾ।

ਆਰਮੀ ਅਤੇ ਆਮ ਲੋਕਾਂ ਨੂੰ ਵੀ ਹੋਵੇਗਾ ਫਾਇਦਾ

ਉਨ੍ਹਾਂ ਇਹ ਵੀ ਕਿਹਾ ਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲ੍ਹਾ ਹੋਣ ਕਰ ਕੇ ਇੱਥੇ ਤਿੱਬੜੀ ਕੈਂਟ ਫੌਜੀ ਇਲਾਕਾ ਵੀ ਹੈ, ਜਿਸ ਕਰ ਕੇ ਇਸ ਰੇਲ ਲਾਈਨ ਰਾਹੀਂ ਫੌਜੀ ਟ੍ਰੈਫਿਕ ਵੀ ਚਲਾਇਆ ਜਾਵੇਗਾ। ਧਾਰੀਵਾਲ ਤੋਂ ਲੋਕਲ ਟ੍ਰੈਫਿਕ ਦੀ ਸੰਭਾਵਨਾ ਵੀ ਹੈ ਕਿਉਂਕਿ ਇਹ ਇਲਾਕਾ ਉਨੀ ਕੱਪੜੇ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਜਲੰਧਰ ਜਾਣ ਲਈ ਵਾਇਆ ਅੰਮ੍ਰਿਤਸਰ ਜਾਣ ਵਾਲੀਆਂ ਰੇਲ ਗੱਡੀਆਂ ਦਾ ਸਹਾਰਾ ਲੈਣਾ ਪੈਂਦਾ ਸੀ ਅਤੇ ਜਾਂ ਫਿਰ ਲੋਕਾਂ ਨੂੰ ਪਠਾਨਕੋਟ ਜਾਂ ਮਕੇਰੀਆਂ ਜਾ ਕੇ ਰੇਲ ਗੱਡੀ ਲੈਣੀ ਪੈਂਦੀ ਸੀ।

ਇਲਾਕਾ ਵਾਸੀਆਂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਕੀਤਾ ਧੰਨਵਾਦ

ਉਕਤ ਸਰਵੇ 75 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ, ਜਿਸ ’ਚ ਰੇਲ ਗੱਡੀ ਦਾ ਪੂਰਾ ਰੂਟ ਨਿਰਧਾਰਿਤ ਕੀਤਾ ਜਾਵੇਗਾ ਅਤੇ ਨਾਲ ਹੀ ਇਸ ਦੀ ਲੰਬਾਈ ਅਤੇ ਰਸਤੇ ਵਿਚ ਬਣਨ ਵਾਲੇ ਅੰਡਰਪਾਸ ਓਵਰਪਾਸ ਬ੍ਰਿਜ ਜਾਂ ਨਦੀਆਂ ਨਾਲਿਆਂ ਉੱਪਰ ਬਣਨ ਵਾਲੇ ਪੁਲਾਂ ਦੀ ਪੂਰੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਹ ਸਰਵੇ ਤਿਆਰ ਹੋਣ ਦੇ ਬਾਅਦ ਜ਼ਮੀਨ ਐਕੁਵਾਇਰ ਹੋਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਨਾਲ ਹੀ ਰੇਲਵੇ ਵੱਲੋਂ ਇਸ ਸਬੰਧੀ ਹੋਰ ਕਾਰਵਾਈ ਕੀਤੀ ਜਾਵੇਗੀ।

ਇਸ ਸਰਵੇ ਨਾਲ ਸਬੰਧਤ ਪੱਤਰ ਜਾਰੀ ਹੋਣ ਦੇ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਦੀ ਜਾਣਕਾਰੀ ਸਾਂਝੇ ਕੀਤੇ ਜਾਣ ਦੇ ਬਾਅਦ ਇਸ ਸਰਹੱਦੀ ਇਲਾਕੇ ਦੇ ਵਾਸੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਜਿਹੜੇ ਵਪਾਰੀ ਅਤੇ ਆਮ ਲੋਕ ਲੰਬੇ ਸਮੇਂ ਤੋਂ ਗੁਰਦਾਸਪੁਰ ਮੁਕੇਰੀਆਂ ਰੇਲ ਲਿੰਕ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਅੱਜ ਵੱਡੀ ਰਾਹਤ ਮਹਿਸੂਸ ਕੀਤੀ ਹੈ‌ ਅਤੇ ਨਾਲ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਵੀ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *