ਪੰਜਾਬ ‘ਚ ਵੱਡੀ ਵਾਰਦਾਤ! ਨ੍ਹੀਂ ਦਿੱਤੀ 50 ਲੱਖ ਦੀ ਫਿਰੌਤੀ ਤਾਂ ਡੇਅਰੀ ‘ਤੇ ਚਲਾ’ਤੀਆਂ ਗੋਲੀਆਂ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ‘ਚ ਫਿਰੌਤੀ ਮੰਗਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਡੇਅਰੀ ਮਾਲਕ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੇ ਚੱਲਦਿਆਂ ਉਸ ਦੀ ਦੁਕਾਨ ਉੱਪਰ ਸੋਮਵਾਰ ਦੇਰ ਸ਼ਾਮ ਤਿੰਨ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਹਾਲਾਂਕਿ ਇਸ ਫਾਇਰਿੰਗ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੌਕੇ ‘ਤੇ ਪੁੱਜ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦੇ ਅਨੁਸਾਰ ਸ਼ਿਵ ਕੁਮਾਰ ਪੁੱਤਰ ਭਗਵਾਨ ਨਿਵਾਸੀ ਗੋਇੰਦਵਾਲ ਬਾਈਪਾਸ ਨੇ ਦੱਸਿਆ ਕਿ ਉਸ ਦੀ ਮਾਸਟਰ ਕਾਲੋਨੀ ਦੇ ਸਾਹਮਣੇ ਗਣੇਸ਼ ਡੇਅਰੀ ਹੈ ਤੇ ਉਸ ਨੂੰ ਕਰੀਬ ਪੰਜ ਮਹੀਨੇ ਪਹਿਲਾਂ ਜੈਸਲ ਨਾਮ ਦੇ ਗੈਂਗਸਟਰ ਵੱਲੋਂ ਫੋਨ ‘ਤੇ ਧਮਕੀ ਆਈ ਸੀ ਕਿ ਸਾਨੂੰ 50 ਲੱਖ ਰੁਪਏ ਦੀ ਰਕਮ ਦੇ ਦਿਓ। ਉਸ ਨੇ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਐੱਸਐੱਸਪੀ ਦੇ ਧਿਆਨ ਵਿੱਚ ਲਿਆਂਦਾ ਜਿਸ ਤੋਂ ਬਾਅਦ ਮਾਮਲਾ ਥਾਣਾ ਸਿਟੀ ਵਿਖੇ ਦਰਜ ਕਰਨ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਸੁਰੱਖਿਆ ਦੇ ਦਿੱਤੀ ਗਈ। ਪ੍ਰੰਤੂ ਇੱਕ ਮਹੀਨਾ ਪਹਿਲੋਂ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਕਿਹਾ ਗਿਆ ਕਿ ਫਿਰੌਤੀ ਮੰਗਣ ਵਾਲਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 

ਪ੍ਰੰਤੂ ਅੱਜ ਸ਼ਾਮ ਕਰੀਬ 9 ਵਜੇ ਜਦੋਂ ਉਹ ਆਪਣੀ ਦੁਕਾਨ ਉੱਪਰ ਮੌਜੂਦ ਸੀ ਤਾਂ ਅਚਾਨਕ ਮੋਟਰਸਾਈਕਲ ਉੱਪਰ ਤਿੰਨ ਵਿਅਕਤੀ ਆਉਂਦੇ ਹਨ ਜਿਨ੍ਹਾਂ ਵੱਲੋਂ ਸਿੱਧੀ ਜਾਨ ਤੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ ਜਾਂਦੀ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਦਿਨ ਪਹਿਲਾਂ ਹੀ ਆਪਣੀ ਦੁਕਾਨ ਦੇ ਬਾਹਰ ਟਫਣ ਸ਼ੀਸ਼ਾ ਲਗਵਾਇਆ ਸੀ, ਜਿਸ ਕਰ ਕੇ ਉਸਦੀ ਜਾਨ ਬਚ ਗਈ। ਜਿਸ ਸਮੇਂ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਦੁਕਾਨ ਵਿੱਚ ਅੰਦਰ ਅਤੇ ਬਾਹਰ ਕਾਫੀ ਗ੍ਰਾਹਕ ਵੀ ਮੌਜੂਦ ਸਨ। ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਦੀ ਢਿੱਲੀ ਕਾਰਵਾਈ ਸਾਹਮਣੇ ਆਈ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਡੇਅਰੀ ਦੇ ਉੱਪਰ ਰਹਿੰਦਾ ਹੈ। ਉਸ ਨੇ ਜ਼ਿਲ੍ਹੇ ਦੇ ਐੱਸਐੱਸਪੀ ਪਾਸੋਂ ਮੰਗ ਕੀਤੀ ਹੈ ਕਿ ਜੇ ਉਸ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ।

ਓਧਰ ਥਾਣਾ ਸਿਟੀ ਦੇ ਸਹਾਇਕ ਮੁਖੀ ਅਵਤਾਰ ਸਿੰਘ ਨੇ ਮੌਕੇ ‘ਤੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੰਨਿਆ ਕਿ ਇਹ ਮਾਮਲਾ ਫਿਰੌਤੀ ਨਾਲ ਜੁੜਿਆ ਹੋਇਆ ਹੈ। 

By Gurpreet Singh

Leave a Reply

Your email address will not be published. Required fields are marked *