ਫਤਿਹਗੜ੍ਹ ਸਾਹਿਬ : ਪੰਜਾਬ ਅੰਦਰ ਸਰਕਾਰੀ ਬੱਸਾਂ ‘ਚ ਆਧਾਰ ਕਾਰਡ ‘ਤੇ ਬੀਬੀਆਂ ਦਾ ਮੁਫ਼ਤ ਸਫ਼ਰ ਬੰਦ ਹੋਣ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਭੁੱਲਰ ਨੇ ਸਰਕਾਰੀ ਬੱਸਾਂ ‘ਚ ਔਰਤਾਂ ਦੇ ਮੁਫ਼ਤ ਸਫ਼ਰ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬ ‘ਚ ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫ਼ਤ ਸਫ਼ਰ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੇ ਕੰਡਕਟਰ ਫਰਜ਼ੀ ਪਾਏ ਜਾਣ ਵਾਲੇ ਆਧਾਰ ਕਾਰਡਾਂ ਦੀ ਜਾਂਚ ਜ਼ਰੂਰ ਕਰਦੇ ਹਨ ਪਰ ਉਨ੍ਹਾਂ ਵਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਤੋਂ ਨਹੀਂ ਰੋਕਿਆ ਜਾਂਦਾ ਅਤੇ ਪੰਜਾਬ ਦੀਆਂ ਔਰਤਾਂ ਲਈ ਮੁਫ਼ਤ ਸਫ਼ਰ ਦੀ ਇਹ ਸਹੂਲਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੀਆਂ ਔਰਤਾਂ ਦੀ ਸਹੂਲਤ ਲਈ ਪੂਰਾ ਖ਼ਿਆਲ ਰੱਖ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨਾਂ ਤੋਂ ਇਹ ਖ਼ਬਰਾਂ ਚਰਚਾ ‘ਚ ਸਨ ਕਿ ਫਰਜ਼ੀ ਆਧਾਰ ਕਾਰਡ ਦੇ ਚੱਲਦਿਆਂ ਸੂਬੇ ਤੋਂ ਬਾਹਰ ਦੀਆਂ ਔਰਤਾਂ ਵੀ ਸਰਕਾਰੀ ਬੱਸਾਂ ਦਾ ਮੁਫ਼ਤ ਸਫ਼ਰ ਕਰ ਰਹੀਆਂ ਹਨ, ਜਿਸ ਕਾਰਨ ਪੀ. ਆਰ. ਟੀ. ਸੀ. ਨੂੰ ਮੋਟਾ ਚੂਨਾ ਲੱਗ ਰਿਹਾ ਹੈ। ਇਸ ਕਾਰਨ ਹੁਣ ਮੁਫ਼ਤ ਸਫ਼ਰ ਲਈ ਆਧਾਰ ਕਾਰਡ ਬੰਦ ਹੋ ਜਾਣਗੇ। ਮੰਤਰੀ ਭੁੱਲਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਸੂਬੇ ‘ਚ ਬੀਬੀਆਂ ਦਾ ਮੁਫ਼ਤ ਸਫ਼ਰ ਲਗਾਤਾਰ ਜਾਰੀ ਰਹੇਗਾ।