‘ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ’

ਗੁਰਪ੍ਰੀਤ ਸਿੰਘ :- ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ’ ਭਜਨ ਸੰਧਿਆ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਹੋਰ ਅਮੀਰ ਕਰਨ ਲਈ ਕਈ ਇਤਿਹਾਸਕ ਪਹਿਲਕਦਮੀਆਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਮਾਤਾ ਸੀਤਾ, ਮਾਤਾ ਜਾਨਕੀ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਦਾ ਨਿਰਮਾਣ, ਨਵੇਂ ਤੀਰਥ ਯਾਤਰਾ ਰੂਟ ਦੇ ਨਾਲ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵਿਸਥਾਰ, ਇਕ ਅਗਸਤ ਤੋਂ ਪੂਰੇ ਪੰਜਾਬ ਵਿੱਚ ਅਧਿਆਤਮਿਕ ਨਾਟਕ ‘ਹਮਾਰੇ ਰਾਮ’ ਦੀ ਪੇਸ਼ਕਾਰੀ ਅਤੇ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਦੇ ਚੱਲ ਰਹੇ 80 ਕਰੋੜ ਰੁਪਏ ਦੇ ਨਵੀਨੀਕਰਨ ਦਾ ਕੰਮ ਸ਼ਾਮਲ ਹੈ।

ਆਸਥਾ, ਸਦਭਾਵਨਾ ਅਤੇ ਭਾਈਚਾਰਕ ਸਾਂਝ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਨੇ ਹਮੇਸ਼ਾ ਹੀ ਆਸਥਾ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ। ਮੁੱਖ ਮੰਤਰੀ ਨੇ ਸਤਿਕਾਰਯੋਗ ਪੂਜਾ ਅਸਥਾਨਾਂ ਦੀ ਸੰਭਾਲ ਕਰਨ, ਅਧਿਆਤਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਦੀਆਂ ਧਾਰਮਿਕ ਇੱਛਾਵਾਂ ਦਾ ਪੂਰੀ ਇਮਾਨਦਾਰੀ ਅਤੇ ਸ਼ਰਧਾ ਭਾਵਨਾ ਨਾਲ ਸਤਿਕਾਰ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’

‘ਭਜਨ ਸੰਧਿਆ’ (ਭਗਤੀ ਦੀ ਸ਼ਾਮ) ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ,“ਅੱਜ ਪੰਜਾਬ ਸਰਕਾਰ ਨੇ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦਾ ਆਯੋਜਨ ਕੀਤਾ ਹੈ, ਜਿਸ ਦੀ ਪੇਸ਼ਕਾਰੀ ਹੰਸਰਾਜ ਰਘੂਵੰਸ਼ੀ ਵੱਲੋਂ ਕੀਤੀ ਗਈ ਹੈ। ਬਹੁਤ ਸਾਰੇ ਲੋਕ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹੀ ‘ਭਜਨ ਸੰਧਿਆ’ ਨਹੀਂ ਕਰਵਾਈ। ਇਹ ਪਹਿਲੀ ਸਰਕਾਰ ਹੈ ਜੋ ਲੋਕਾਂ ਲਈ ਅਤੇ ਉਨ੍ਹਾਂ ਦੀ ਭਗਤੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੀਆਂ ਭਜਨ ਸ਼ਾਮਾਂ ਕਰਵਾ ਰਹੀ ਹੈ। ਇਸ ਤੋਂ ਪਹਿਲਾਂ ਅਜਿਹਾ ਪ੍ਰੋਗਰਾਮ ਜਲੰਧਰ ਵਿੱਚ ਕਰਵਾਇਆ ਗਿਆ ਸੀ ਅਤੇ ਅੱਜ ਇਹ ਅੰਮ੍ਰਿਤਸਰ ਵਿੱਚ ਕਰਵਾਇਆ ਜਾ ਰਿਹਾ ਹੈ।”

ਅਰਵਿੰਦ ਕੇਜਰੀਵਾਲ ਨੇ ਕੀਤੇ ਐਲਾਨ

ਪਹਿਲੀ ਖ਼ੁਸ਼ਖ਼ਬਰੀ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “‘ਇੱਕ ਸ਼ਾਮ ਸ਼ਿਵ ਜੀ ਕੇ ਨਾਮ’ ਦੀ ਲੜੀ, ਜੋ ਜਲੰਧਰ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਅੰਮ੍ਰਿਤਸਰ ਪਹੁੰਚ ਚੁੱਕੀ ਹੈ, ਜਲਦੀ ਹੀ ਪੰਜਾਬ ਦੇ ਸਾਰੇ 22 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਹੁਣ ਸਾਰੇ 22 ਸ਼ਹਿਰਾਂ ਵਿੱਚ ‘ਭਜਨ ਸੰਧਿਆ’ ਕਰਵਾਈ ਜਾਵੇਗੀ।”

ਦੂਜਾ ਐਲਾਨ ਸਾਂਝਾ ਕਰਦਿਆਂ ‘ਆਪ’ ਮੁਖੀ ਨੇ ਅੱਗੇ ਕਿਹਾ, “ਪਟਿਆਲਾ ਵਿੱਚ ਪ੍ਰਸਿੱਧ ਕਾਲੀ ਮਾਤਾ ਮੰਦਰ ਹੈ। ਇਸ ਮੰਦਰ ਦੀ ਬਹੁਤ ਧਾਰਮਿਕ ਮਹੱਤਤਾ ਹੈ। ਉੱਥੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਕਾਲੀ ਮਾਤਾ ਸਭ ਦੇ ਦੁੱਖ ਦੂਰ ਕਰਦੀ ਹੈ, ਸਭ ਦੀਆਂ ਪ੍ਰਾਰਥਨਾਵਾਂ ਪੂਰੀਆਂ ਕਰਦੀ ਹੈ, ਅਤੇ ਮੰਦਰ ਦੇ ਦਰਸ਼ਨਾਂ ਨਾਲ ਅਪਾਰ ਸ਼ਾਂਤੀ ਮਿਲਦੀ ਹੈ।”

ਤੀਜੀ ਖ਼ੁਸ਼ਖ਼ਬਰੀ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਪੰਜਾਬ ਸਰਕਾਰ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਚਲਾ ਰਹੀ ਹੈ। ਮੌਜੂਦਾ ਸਮੇਂ ਵਿੱਚ ਇਹ ਤੀਰਥ ਯਾਤਰਾ ਸਕੀਮ ਦੋ ਰੂਟਾਂ ‘ਤੇ ਚੱਲ ਰਹੀ ਹੈ, ਇੱਕ ਸ੍ਰੀ ਦਰਬਾਰ ਸਾਹਿਬ ਅਤੇ ਦੂਜੀ ਅਨੰਦਪੁਰ ਸਾਹਿਬ ਲਈ। ਹੁਣ ਤਿੰਨ ਹੋਰ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਇੱਕ ਰੂਟ ਸਾਲਾਸਰ ਅਤੇ ਖਾਟੂ ਸ਼ਿਆਮ ਜੀ ਲਈ ਹੋਵੇਗਾ, ਦੂਜਾ ਹਰਿਦੁਆਰ ਅਤੇ ਰਿਸ਼ੀਕੇਸ਼ ਲਈ ਅਤੇ ਤੀਜਾ ਮਥੁਰਾ ਅਤੇ ਵ੍ਰਿੰਦਾਵਨ ਲਈ ਹੋਵੇਗਾ। ਸਾਨੂੰ ਉਮੀਦ ਹੈ ਕਿ ਇਹ ਤਿੰਨੋਂ ਰੂਟ ਇਕ ਅਗਸਤ ਦੇ ਆਸ-ਪਾਸ ਸ਼ੁਰੂ ਹੋ ਜਾਣਗੇ ਅਤੇ ਲਗਭਗ 1.5 ਲੱਖ ਸ਼ਰਧਾਲੂਆਂ ਨੂੰ ਇਨ੍ਹਾਂ ਯਾਤਰਾਵਾਂ ‘ਤੇ ਲਿਜਾਇਆ ਜਾਵੇਗਾ।”

ਲਵ, ਕੁਸ਼ ਅਤੇ ਮਾਤਾ ਜਾਨਕੀ ਨੂੰ ਸਮਰਪਿਤ ਮੰਦਰ

ਅਰਵਿੰਦ ਕੇਜਰੀਵਾਲ ਨੇ ਕਿਹਾ, “ਅੱਜ ਮੈਂ ਐਲਾਨ ਕਰਦਾ ਹਾਂ ਕਿ ਭਗਵਾਨ ਵਾਲਮੀਕਿ ਦੇ ਮੰਦਰ ਦੇ ਬਿਲਕੁਲ ਨਾਲ ਲਵ, ਕੁਸ਼ ਅਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਮੈਂ ਕੱਲ੍ਹ ਹੀ ਸ੍ਰੀ ਰਾਮ ਮੰਦਰ ਵਿੱਚ ਰਾਮ ਲੱਲਾ ਦੇ ਦਰਸ਼ਨ ਕਰਕੇ ਅਯੁੱਧਿਆ ਤੋਂ ਵਾਪਸ ਆਇਆ ਹਾਂ। ਅੱਜ ਇਹ ਐਲਾਨ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹ ਨਾ ਸਿਰਫ਼ ਅੰਮ੍ਰਿਤਸਰ ਦੇ ਲੋਕਾਂ ਲਈ, ਸਗੋਂ ਦੁਨੀਆ ਭਰ ਦੇ ਭਗਵਾਨ ਰਾਮ ਅਤੇ ਮਾਤਾ ਜਾਨਕੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ।”

ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਵਿੱਚ ਮਾਤਾ ਜਾਨਕੀ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ,“ਇਹ ਖ਼ੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਮੰਦਰ ਮਾਤਾ ਜਾਨਕੀ, ਲਵ ਅਤੇ ਕੁਸ਼ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲੇਗਾ। ਪੰਜਾਬ ਸਰਕਾਰ ਇਸ ਪਵਿੱਤਰ ਧਰਤੀ ‘ਤੇ ਇਸ ਸ਼ਾਨਦਾਰ ਮੰਦਰ ਦੇ ਨਿਰਮਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਆਸਥਾ ਦੇ ਇੱਕ ਵੱਡੇ ਕੇਂਦਰ ਵਜੋਂ ਉਭਰੇਗਾ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ, ਕਿਉਂਕਿ ਲਵ ਅਤੇ ਕੁਸ਼ ਦਾ ਜਨਮ ਅਤੇ ਸਿੱਖਿਆ ਇੱਥੇ ਹੀ ਹੋਈ ਸੀ।”

By Gurpreet Singh

Leave a Reply

Your email address will not be published. Required fields are marked *