ਜਲੰਧਰ/ਆਦਮਪੁਰ – ਜਲੰਧਰ ‘ਚ ਯੂ-ਟਿਊਬਰ ਦੇ ਘਰ ਹੋਏ ਗ੍ਰਨੇਡ ਹਮਲੇ ‘ਚ ਪੁਲਸ ਵੱਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਐਨਕਾਊਂਟਰ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਕੁੱਲ੍ਹ 5 ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਏਪੁਰ-ਰਸੂਲਪੁਰ ਵਿਚ ਯੂ-ਟਿਊਬਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ’ਤੇ ਐਤਵਾਰ ਸਵੇਰੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਦਿਹਾਤੀ ਪੁਲਸ ਨੇ ਹਰਿਆਣਾ ਦੇ ਯਮੁਨਾਨਗਰ ਤੋਂ ਗੈਂਗਸਟਰ ਹਾਰਦਿਕ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਦੇ ਬਾਅਦ ਹਾਰਦਿਕ ਦੀ ਨਿਸ਼ਾਨਦੇਹੀ ’ਤੇ ਪਿੰਡ ਰਾਏਪੁਰ ਦੀ ਪੁਲੀ ਨੇੜੇ ਸਥਿਤ ਪਲਾਟ ਵਿਚੋਂ ਹਥਿਆਰ ਬਰਾਮਦ ਕਰਨ ਲਈ ਪਹੁੰਚੀ ਤਾਂ ਉਥੋਂ ਹਾਰਦਿਕ ਨੇ ਪਿਸਤੌਲ ਚੁੱਕ ਕੇ ਪੁਲਸ ਦੀ ਟੀਮ ’ਤੇ ਫਾਇਰ ਕਰ ਦਿੱਤਾ। ਇਸ ਦੇ ਬਾਅਦ ਜਵਾਬੀ ਕਾਰਵਾਈ ਵਿਚ ਪੁਲਸ ਨੇ ਉਸ ਦੀ ਸੱਜੀ ਲੱਤ ’ਤੇ ਗੋਲ਼ੀ ਮਾਰ ਕੇ ਉਸ ਨੂੰ ਦੋਬਾਰਾ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ .32 ਬੋਰ ਦੀ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਪੁੱਛਗਿੱਛ ‘ਚ ਹੋਏ ਇਹ ਖ਼ੁਲਾਸੇ
ਪੁੱਛਗਿੱਛ ਵਿਚ ਹਾਰਦਿਕ ਨੇ ਦੱਸਿਆ ਕਿ ਮੋਟਰਸਾਈਕਲ ਚਲਾਉਣ ਵਾਲਾ ਅੰਮ੍ਰਿਤਪ੍ਰੀਤ ਸਿੰਘ ਹੈ ਅਤੇ ਪੁਲਸ ਆਪਣੀਆਂ ਟੀਮਾਂ ਐਕਟਿਵ ਕਰਦੇ ਹੋਏ ਮੁਲਜ਼ਮਾਂ ਤਕ ਪਹੁੰਚੀ। 15 ਘੰਟਿਆਂ ਦੇ ਵਕਫ਼ੇ ਤੋਂ ਬਾਅਦ ਪੁਲਸ ਟੀਮਾਂ ਨੇ ਹਿਮਾਚਲ ਪ੍ਰਦੇਸ਼ ਤੋਂ 4 ਮੁਲਜ਼ਮ ਗ੍ਰਿਫ਼ਤਾਰ ਕੀਤੇ। ਇਨ੍ਹਾਂ ਵਿਚੋਂ ਇਕ ਗੱਡੀ ਵਿਚ ਕ੍ਰਾਈਮ ਬ੍ਰਾਂਚ ਦੀ ਟੀਮ ਅੰਮ੍ਰਿਤਪ੍ਰੀਤ ਪੁੱਤਰ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਘੁੱਗ (ਕਪੂਰਥਲਾ) ਨੂੰ ਲੈ ਕੇ ਜਲੰਧਰ ਆ ਰਹੀ ਸੀ ਤਾਂ ਅਚਾਨਕ ਆਦਮਪੁਰ ਦੇ ਪਿੰਡ ਚੂਹੜਵਾਲੀ ਵਿਚ ਕ੍ਰਾਈਮ ਬ੍ਰਾਂਚ ਦੀ ਗੱਡੀ ਖ਼ਰਾਬ ਹੋ ਗਈ।

ਇਸੇ ਦੌਰਾਨ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਅੰਮ੍ਰਿਤਪ੍ਰੀਤ ਸਿੰਘ ਫ਼ਰਾਰ ਹੋਣ ਲੱਗਾ ਤਾਂ ਪੁਲਸ ਨੇ ਉਸ ਨੂੰ ਰੋਕਣ ਲਈ ਗੋਲ਼ੀ ਚਲਾਈ, ਜਿਹੜੀ ਉਸ ਦੀ ਲੱਤ ’ਤੇ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਸ ਨੇ ਜ਼ਖ਼ਮੀ ਅੰਮ੍ਰਿਤਪ੍ਰੀਤ ਨੂੰ ਸਿਵਲ ਹਸਪਤਾਲ ਜਲੰਧਰ ਵਿਚ ਦਾਖ਼ਲ ਕਰਵਾਇਆ। ਇਸ ਤੋਂ ਇਲਾਵਾ ਦਿਹਾਤੀ ਪੁਲਸ ਨੇ 3 ਹੋਰ ਮੁਲਜ਼ਮਾਂ ਲਕਸ਼ਮੀ ਪੁੱਤਰੀ ਸੁਰਜੀਤ ਸਿੰਘ ਨਿਵਾਸੀ ਸੁੰਦਰ ਨਗਰ ਪਠਾਨਕੋਟ, ਹਾਲ ਨਿਵਾਸੀ ਪਿੰਡ ਖਾਂਬਰਾ ਜਲੰਧਰ ਅਤੇ ਧੀਰਜ ਅਤੇ ਪਾਂਡੇ ਮੂਲ ਵਾਸੀ ਬਿਹਾਰ ਨੂੰ ਕਾਬੂ ਕੀਤਾ।

ਦੇਰ ਰਾਤ ਐਨਕਾਊਂਟਰ ਤੋਂ ਬਾਅਦ ਐੱਸ. ਐੱਸ. ਪੀ. ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਰਾਏਪੁਰ-ਰਸੂਲਪੁਰ ਦੇ ਰਹਿਣ ਵਾਲੇ ਡਾ. ਰੋਜਰ ਸੰਧੂ ਦੇ ਘਰ ਗ੍ਰੇਨੇਡ ਸੁੱਟਣ ਦੇ ਮਾਮਲੇ ਵਿਚ ਪੁਲਸ ਨੇ ਕੁੱਲ੍ਹ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਪੁੱਛਗਿੱਛ ਵਿਚ ਕਿਸੇ ਹੋਰ ਵਿਅਕਤੀ ਦਾ ਨਾਂ ਸਾਹਮਣੇ ਆਇਆ ਤਾਂ ਉਸ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਅੰਮ੍ਰਿਤਪ੍ਰੀਤ ਸਿੰਘ ਬਾਈਕ ਚਲਾ ਕੇ ਹਾਰਦਿਕ ਕੰਬੋਜ ਸਮੇਤ ਫ਼ਰਾਰ ਹੋ ਗਿਆ ਸੀ। ਦੇਰ ਰਾਤ ਕਾਬੂ ਕੀਤੇ ਚਾਰਾਂ ਮੁਲਜ਼ਮਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਕੋਲ ਸੁੱਟਿਆ ਗਿਆ ਗ੍ਰਨੇਡ ਕਿਥੋਂ ਆਇਆ ਅਤੇ ਕਿਸ ਨੇ ਦਿੱਤਾ ਸੀ।
ਜਲੰਧਰ ਰੇਂਜ ਦੇ ਡੀ. ਆਈ. ਜੀ. ਨਵੀਨ ਸਿੰਗਲਾ ਨੇ ਕਿਹਾ ਕਿ ਥਾਣਾ ਮਕਸੂਦਾਂ ਵਿਚ 109 ਬੀ. ਐੱਨ. ਐੱਸ. 3,4, 5 ਐਕਸਪਲੋਸਿਵ ਐਕਟ ਰੋਕੂ ਜੁਰਮ 13, 17 ਯੂ. ਏ. ਪੀ. ਏ. ਐਕਟ, 61 ਬੀ. ਐੱਨ. ਐੱਸ. ਦਰਜ ਕੀਤਾ ਗਿਆ ਸੀ। ਮੁਲਜ਼ਮ ਹਾਰਦਿਕ ਕੰਬੋਜ ਇਕ ਸਾਲ ਪਹਿਲਾਂ ਇੰਸਟਾਗ੍ਰਾਮ ਜ਼ਰੀਏ ਜੀਸ਼ਾਨ ਅਖਤਰ ਨਾਲ ਜੁੜਿਆ ਸੀ ਅਤੇ ਬਾਅਦ ਵਿਚ ਉਸ ਦਾ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਕਰਵਾਇਆ ਗਿਆ ਸੀ। ਯਾਦ ਰਹੇ ਕਿ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ ਗ੍ਰੇਨੇਡ ਸੁੱਟਣ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। ਇਸੇ ਮਾਮਲੇ ਵਿਚ ਇਕ ਹੋਰ ਮੁਕੱਦਮਾ 109, 221, 132, 261, 62 ਬੀ. ਐੱਨ. ਐੱਸ., 25-54-59 ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਮਕਸੂਦਾਂ ਵਿਚ ਦਰਜ ਕੀਤਾ ਗਿਆ। ਪੁਲਸ ਨੇ ਅੰਮ੍ਰਿਤਪ੍ਰੀਤ ਸਿੰਘ ਖ਼ਿਲਾਫ਼ ਇਕ ਹੋਰ ਮਾਮਲਾ ਵੀ ਦਰਜ ਕੀਤਾ ਹੈ।