ਜਲੰਧਰ ‘ਚ ਹਨ੍ਹੇਰੀ-ਤੂਫ਼ਾਨ ਨੇ ਉਜਾੜਿਆ ਘਰ, ਤਿਰੰਗੇ ਦਾ ਪੋਲ ਨੌਜਵਾਨ ’ਤੇ ਡਿੱਗਿਆ, ਦਰਦਨਾਕ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਵਿਚ ਬੀਤੀ ਰਾਤ ਆਏ ਤੂਫ਼ਾਨ ਦੌਰਾਨ ਇਕ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ। ਹਨ੍ਹੇਰੀ-ਤੂਫ਼ਾਨ ਦੌਰਾਨ ਸ਼੍ਰੀ ਰਾਮ ਚੌਂਕ ਵਿਖੇ ਲੱਗੇ ਤਿਰੰਗੇ ਦਾ ਪੋਲ ਡਿੱਗਣ ਨਾਲ ਪੇਂਟਰ ਦੀ ਮੌਤ ਹੋ ਗਈ। ਪੋਲ ਡਿੱਗਣ ਕਾਰਨ ਇਕ ਕਾਰ ਵੀ ਨੁਕਸਾਨੀ ਗਈ। ਲੋਕਾਂ ਦੀ ਭੀੜ ਨੇ ਜਦੋਂ ਹਾਦਸਾ ਵੇਖਿਆ ਤਾਂ ਤੁਰੰਤ ਪੋਲ ਦੇ ਹੇਠਾਂ ਫਸੇ ਨੌਜਵਾਨ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ ਵਾਸੀ ਅਵਤਾਰ ਨਗਰ ਵਜੋਂ ਹੋਈ। ਰਮੇਸ਼ ਮੂਲ ਤੌਰ ’ਤੇ ਬਿਹਾਰ ਦਾ ਰਹਿਣ ਵਾਲਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਵਿਖੇ ਪਹੁੰਚੇ ਥਾਣਾ ਨੰਬਰ 3 ਦੇ ਏ. ਐੱਸ. ਆਈ. ਸੇਵਾ ਸਿੰਘ ਨੇ ਦੱਸਿਆ ਕਿ ਰਮੇਸ਼ ਪੇਂਟਰ ਦਾ ਕੰਮ ਕਰਦਾ ਸੀ, ਜੋ ਆਪਣੇ ਸਾਥੀ ਨਾਲ ਬਾਈਕ ’ਤੇ ਕੰਮ ਖ਼ਤਮ ਕਰਕੇ ਘਰ ਵੱਲ ਜਾ ਰਿਹਾ ਸੀ।

ਜਿਵੇਂ ਹੀ ਉਹ ਸ਼੍ਰੀ ਰਾਮ ਚੌਂਕ ਵਿਖੇ ਪਹੁੰਚੇ ਤਾਂ ਰਮੇਸ਼ ਦੇ ਦੋਸਤ ਨੇ ਏ. ਟੀ. ਐੱਮ. ਵਿਚੋਂ ਪੈਸੇ ਕੱਢਵਾਉਣ ਲਈ ਬਾਈਕ ਰੁਕਵਾ ਦਿੱਤੀ। ਉਹ ਤਾਂ ਪੈਸੇ ਕਢਵਾਉਣ ਲਈ ਏ. ਟੀ. ਐੱਮ. ਰੂਮ ਵਿਚ ਚਲਾ ਗਿਆ ਪਰ ਬਾਹਰ ਬਾਈਕ ’ਤੇ ਬੈਠ ਕੇ ਦੋਸਤ ਦਾ ਇੰਤਜ਼ਾਰ ਕਰ ਰਹੇ ਰਮੇਸ਼ ’ਤੇ ਹਨ੍ਹੇਰੀ-ਤੂਫਾਨ ਦੌਰਾਨ ਤਿਰੰਗੇ ਦਾ ਪੋਲ ਡਿੱਗ ਗਿਆ। ਬਾਈਕ ਸਮੇਤ ਪੋਲ ਹੇਠਾਂ ਦੱਬਣ ਨਾਲ ਉਸ ਦੀ ਮੌਤ ਹੋ ਗਈ। ਇਸ ਦੌਰਾਨ ਇਕ ਕਾਰ ਵੀ ਪੋਲ ਦੀ ਲਪੇਟ ਵਿਚ ਆ ਕੇ ਹਾਦਸਾਗ੍ਰਸਤ ਹੋ ਗਈ। ਪੁਲਸ ਨੇ ਰਮੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *