ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ. ਓਜ਼

ਜਲੰਧਰ –ਨਗਰ ਨਿਗਮ ਜਲੰਧਰ ਵਿਚ ਬਿਨਾਂ ਟੈਂਡਰ ਦੇ ਕਰੋੜਾਂ ਰੁਪਏ ਦੇ ਕੰਮਾਂ ਨੂੰ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਬੀਤੇ ਦਿਨੀਂ ਸਟੇਟ ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਛਾਪੇਮਾਰੀ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਏ. ਟੀ. ਪੀ. ਸੁਖਦੇਵ ਵਸ਼ਿਸ਼ਟ, ਇੰਸ. ਹਰਪ੍ਰੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਾਂਚ ਦਾ ਦਾਇਰਾ ਹੋਰ ਵੱਡਾ ਕਰ ਦਿੱਤਾ ਗਿਆ ਹੈ।

ਵੀਰਵਾਰ ਵਿਜੀਲੈਂਸ ਟੀਮ ਨੇ ਨਗਰ ਨਿਗਮ ਦੇ ਬੀ. ਐਂਡ ਆਰ. (ਬਿਲਡਿੰਗ ਐਂਡ ਰੋਡਜ਼) ਅਤੇ ਓ. ਐਂਡ ਐੱਮ. (ਆਪ੍ਰੇਸ਼ਨ ਐਂਡ ਮੇਨਟੀਨੈਂਸ) ਸੈੱਲ ਨਾਲ ਜੁੜੇ ਜੂਨੀਅਰ ਇੰਜੀਨੀਅਰਜ਼ (ਜੇ. ਈਜ਼) ਅਤੇ ਸਬ-ਡਿਵੀਜ਼ਨਲ ਆਫਿਸਰਜ਼ (ਐੱਸ. ਡੀ. ਓਜ਼) ਨੂੰ ਆਪਣੇ ਆਫਿਸ ਵਿਚ ਬੁਲਾ ਕੇ ਬਿਨਾਂ ਟੈਂਡਰ ਕਰਵਾਏ ਗਏ ਕੰਮਾਂ ਸਬੰਧੀ ਪੁੱਛਗਿੱਛ ਕੀਤੀ। ਇਹ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਸਿਰਫ ਸੈਂਕਸ਼ਨ ਦੇ ਆਧਾਰ ’ਤੇ ਪਿਛਲੇ 3 ਸਾਲਾਂ ਵਿਚ ਕਰੋੜਾਂ ਰੁਪਏ ਦੇ ਕੰਮਾਂ ਦੇ ਐਸਟੀਮੇਟ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਚੋਣਵੇਂ ਠੇਕੇਦਾਰਾਂ ਨੂੰ ਦੇ ਕੇ ਅੰਜਾਮ ਤਕ ਪਹੁੰਚਾਇਆ।

ਚੋਣਵੇਂ ਠੇਕੇਦਾਰਾਂ ਤੋਂ ਕਰਵਾਏ ਗਏ ਕਰੋੜਾਂ ਦੇ ਕੰਮ
ਵਿਜੀਲੈਂਸ ਦੀ ਜਾਂਚ ਦਾ ਮੁੱਖ ਫੋਕਸ ਪੰਜਾਬ ਸਰਕਾਰ ਦਾ ਟਰਾਂਸਪੇਰੈਂਸੀ ਐਕਟ 2022 ਹੈ, ਜਿਸ ਤਹਿਤ ਨਗਰ ਨਿਗਮ ਕਮਿਸ਼ਨਰ ਨੂੰ ਐਮਰਜੈਂਸੀ ਸਥਿਤੀ ਵਿਚ 5 ਲੱਖ ਰੁਪਏ ਤਕ ਦੇ ਕੰਮ ਬਿਨਾਂ ਟੈਂਡਰ ਦੇ ਸਿਰਫ ਕੁਟੇਸ਼ਨ ਦੇ ਆਧਾਰ ’ਤੇ ਕਰਵਾਉਣ ਦਾ ਅਧਿਕਾਰ ਹੈ। ਪਰ ਦੋਸ਼ ਹੈ ਕਿ ਇਸ ਵਿਵਸਥਾ ਦੀ ਦੁਰਵਰਤੋਂ ਕਰਦੇ ਹੋਏ ਵੱਡੇ ਪੱਧਰ ’ਤੇ ਫਰਜ਼ੀ ਅਤੇ ਗੈਰ-ਜ਼ਰੂਰੀ ਕੰਮਾਂ ਨੂੰ ਸੈਂਕਸ਼ਨ ਦੇ ਆਧਾਰ ’ਤੇ ਪਾਸ ਕੀਤਾ ਗਿਆ, ਜਿਸ ਨਾਲ ਚਹੇਤੇ ਅਤੇ ਚੋਣਵੇਂ ਠੇਕੇਦਾਰਾਂ ਨੂੰ ਅਣਉਚਿਤ ਲਾਭ ਮਿਲਿਆ। ਵਿਜੀਲੈਂਸ ਨੇ ਨਗਰ ਨਿਗਮ ਦਫ਼ਤਰ ਤੋਂ ਬਿਨਾਂ ਟੈਂਡਰ ਹੋਏ ਸੈਂਕੜੇ ਕੰਮਾਂ ਦੀ ਲਿਸਟ ਅਤੇ ਸਬੰਧਤ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਵਿਜੀਲੈਂਸ ਵੱਲੋਂ ਪਹਿਲਾਂ ਰਿਕਾਰਡ ਇਕੱਠਾ ਕੀਤੇ ਜਾਣ ਤੋਂ ਬਾਅਦ ਵੀ ਨਿਗਮ ਵਿਚ ਸੈਂਕਸ਼ਨ ਨਾਲ ਜੁੜੀਆਂ ਕੁਝ ਫਾਈਲਾਂ ਦੀ ਪੇਮੈਂਟ ਕੀਤੀ ਗਈ, ਕੁਝ ਕੰਮ ਫਿਰ ਸੈਂਕਸ਼ਨ ਆਧਾਰ ’ਤੇ ਕਰਵਾਏ ਗਏ, ਜਿਸ ਕਾਰਨ ਵਿਜੀਲੈਂਸ ਨੇ ਉਹ ਰਿਕਾਰਡ ਵੀ ਤਲਬ ਕਰ ਲਿਆ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਾਲ ਹੀ ਵਿਚ ਭ੍ਰਿਸ਼ਟਾਚਾਰ ਕਾਂਡ ਵਿਚ ਫਸੇ ਠੇਕੇਦਾਰ ਸ਼ਿਵਮ ਮਦਾਨ ਨੂੰ ਨਗਰ ਨਿਗਮ ਤੋਂ ਲਗਭਗ 40 ਲੱਖ ਰੁਪਏ ਦੀ ਪੇਮੈਂਟ ਕੀਤੀ ਗਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਠੇਕੇਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ ਪਰ ਇਧਰ-ਉਧਰ ਤੋਂ ਕੁਟੇਸ਼ਨ ਲਿਆ ਕੇ ਨਿਗਮ ਤੋਂ ਲਗਾਤਾਰ ਵੱਡੇ ਕੰਮ ਹਾਸਲ ਕਰ ਰਹੇ ਹਨ। ਵਿਜੀਲੈਂਸ ਨੇ ਹੁਣ ਸਾਰੇ ਠੇਕੇਦਾਰਾਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਹਾਸਲ ਕੀਤੇ। ਸੂਤਰਾਂ ਅਨੁਸਾਰ ਜੇਕਰ ਵਿਜੀਲੈਂਸ ਇਸ ਘਪਲੇ ਦੀ ਤਹਿ ਤੱਕ ਪਹੁੰਚਦੀ ਹੈ ਤਾਂ ਨਿਗਮ ਦੇ ਕਈ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਵੱਡੀ ਕਾਰਵਾਈ ਸੰਭਵ ਹੈ।

ਨਗਰ ਨਿਗਮ ਦਫ਼ਤਰ ਵਿਚ ਵੀਰਵਾਰ ਦਿਨ ਭਰ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਹੜਕੰਪ ਮਚਿਆ ਰਿਹਾ। ਕਰਮਚਾਰੀ ਅਤੇ ਅਧਿਕਾਰੀ ਆਪਸ ਵਿਚ ਚਰਚਾ ਕਰਦੇ ਰਹੇ ਕਿ ਹੁਣ ਅਗਲਾ ਨੰਬਰ ਕਿਸ ਦਾ ਹੋਵੇਗਾ। ਵਿਜੀਲੈਂਸ ਹੁਣ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਨੈਕਸਸ ਨੂੰ ਉਜਾਗਰ ਕਰਨ ਦੀ ਦਿਸ਼ਾ ਵਿਚ ਜਾਂਚ ਨੂੰ ਅੱਗੇ ਵਧਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਗਰ ਨਿਗਮ ਵਿਚ ਸੈਂਕਸ਼ਨ ਦੇ ਨਾਂ ’ਤੇ ਹੋਏ ਕਰੋੜਾਂ ਦੇ ਕੰਮਾਂ ਦਾ ਮਾਮਲਾ ਹੁਣ ਵੱਡਾ ਘਪਲਾ ਬਣਦਾ ਜਾ ਰਿਹਾ ਹੈ। ਵਿਜੀਲੈਂਸ ਦੀ ਸਖ਼ਤ ਕਾਰਵਾਈ ਕਾਰਨ ਭ੍ਰਿਸ਼ਟਾਚਾਰ ਵਿਚ ਸ਼ਾਮਲ ਅਧਿਕਾਰੀਆਂ ਅਤੇ ਠੇਕੇਦਾਰਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਬਰਲਟਨ ਪਾਰਕ ਸਪੋਰਟਸ ਹੱਬ ਦੇ ਉਦਘਾਟਨ ਨੂੰ ਲੈ ਕੇ ਕਈ ਕੰਮ ਸੈਂਕਸ਼ਨ ਆਧਾਰ ’ਤੇ ਕਰਵਾਏ ਗਏ ਪਰ ਹੁਣ ਜ਼ਿਆਦਾਤਰ ਨਿਗਮ ਅਧਿਕਾਰੀ ਬਿਨਾਂ ਟੈਂਡਰ ਹੋਣ ਵਾਲੇ ਅਜਿਹੇ ਕੰਮਾਂ ਨੂੰ ਕਰਾਉਣ ਅਤੇ ਫਾਈਲਾਂ ਨੂੰ ਸਾਈਨ ਕਰਨ ਵਿਚ ਆਨਾਕਾਨੀ ਕਰਨ ਲੱਗੇ ਹਨ।

By Gurpreet Singh

Leave a Reply

Your email address will not be published. Required fields are marked *