ਮੋਗਾ ‘ਚ ਵੱਡੀ ਵਾਰਦਾਤ, ਸਹੁਰੇ ਨੇ ਰਾਡਾਂ ਮਾਰ-ਮਾਰ ਕੀਤਾ ਨੂੰਹ ਦਾ ਕਤਲ

ਮੋਗਾ : ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਬਲਖੰਡੀ ਵਿਖੇ ਸ਼ੱਕ ਕਾਰਨ ਸਹੁਰੇ ਵਲੋਂ ਆਪਣੀ ਨੂੰਹ ਦੀ ਲੋਹੇ ਦੀ ਰਾਡ ਮਾਰ ਕੇ ਹੱਤਿਆ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਮ੍ਰਿਤਕਾ ਦੇ ਪਿਤਾ ਬਲਜੀਤ ਸਿੰਘ ਨਿਵਾਸੀ ਪਿੰਡ ਫਿੱਡੇ ਕਲਾਂ ਦੀ ਸ਼ਿਕਾਇਤ ’ਤੇ ਜਸਪਾਲ ਸਿੰਘ ਨਿਵਾਸੀ ਪਿੰਡ ਬਲਖੰਡੀ ਖ਼ਿਲਾਫ ਥਾਣਾ ਕੋਟ ਈਸੇ ਖਾਂ ਵਿਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਜੀਤ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸਦੀ ਬੇਟੀ ਲਵਪ੍ਰੀਤ ਕੌਰ (30) ਦਾ ਵਿਆਹ ਕਰੀਬ 8 ਸਾਲ ਪਹਿਲਾਂ ਸਤਵਿੰਦਰ ਸਿੰਘ ਨਿਵਾਸੀ ਪਿੰਡ ਬਲਖੰਡੀ ਦੇ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਹਨ, ਮੇਰਾ ਜਵਾਈ ਡਿਪਰੇਸ਼ਨ ਦਾ ਮਰੀਜ਼ ਹੈ ਅਤੇ ਅਕਸਰ ਬਿਮਾਰ ਰਹਿੰਦਾ ਹੈ। 

ਬੀਤੇ ਦਿਨ ਜਦੋਂ ਮੈਂ ਆਪਣੀ ਲੜਕੀ ਨੂੰ ਮਿਲਣ ਲਈ ਆਇਆ ਤਾਂ ਉਸਦਾ ਸਹੁਰਾ ਜਸਪਾਲ ਸਿੰਘ ਉਸ ਨਾਲ ਝਗੜਾ ਕਰ ਰਿਹਾ ਸੀ ਅਤੇ ਉਹ ਮੇਰੀ ਲੜਕੀ ਨੂੰ ਬਾਹਰ ਅੰਦਰ ਜਾਣ ਤੋਂ ਰੋਕਦਾ ਸੀ, ਜਿਸ ਕਾਰਣ ਘਰ ਵਿਚ ਕਲੇਸ਼ ਰਹਿੰਦਾ ਸੀ। ਇਸੇ ਰੰਜਿਸ਼ ਕਾਰਣ ਉਸ ਨੇ ਮੇਰੀ ਬੇਟੀ ਲਵਪ੍ਰੀਤ ਕੌਰ ਦੀ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਮੈਂ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਹ ਮੇਰੇ ’ਤੇ ਵੀ ਵਾਰ ਕਰਨ ਲੱਗਾ, ਮੈਂ ਪਿੱਛੇ ਹਟ ਗਿਆ ਅਤੇ ਇਸੇ ਦੌਰਾਨ ਜਸਪਾਲ ਸਿੰਘ ਉਥੋਂ ਭੱਜ ਗਿਆ। ਮੈਂ ਆਪਣੀ ਬੇਟੀ ਕੋਲ ਜਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ, ਜਿਸ ’ਤੇ ਮੈਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ, ਬਲਖੰਡੀ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਹੋਰ ਪੁਲਸ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ ਅਤੇ ਲਾਸ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਕਥਿਤ ਮੁਲਜ਼ਮ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *