ਪੰਜਾਬ ‘ਚ ਵੱਡਾ ਹਾਦਸਾ, ਲੇਡੀਜ਼ ਸੰਗੀਤ ਤੋਂ ਪਰਤ ਰਹੇ ਪਰਿਵਾਰ ਦੀ ਫਾਰਚੂਨਰ ਦੇ ਉੱਡੇ ਪਰਖੱਚੇ

ਪਟਿਆਲਾ/ਨਾਭਾ : ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਬੀਤੀ ਦੇਰ ਰਾਤ ਕਰੀਬ ਡੇਢ ਵਜੇ ਲੇਡੀਜ ਸੰਗੀਤ ਤੋਂ ਖੰਨਾ ਸ਼ਹਿਰ ਤੋਂ ਫਾਰਚੂਨਰ ‘ਤੇ ਸਵਾਰ ਹੋ ਕੇ ਨਾਭਾ ਪਰਤ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿਚ ਪਿਓ-ਧੀ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ 7 ਮੈਂਬਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸੜਕ ਕਿਨਾਰੇ ਖਰਾਬ ਖੜੇ ਟਰੱਕ ਨਾਲ ਟੱਕਰ ਹੋਣ ਕਾਰਣ ਵਾਪਰਿਆ ਹੈ। 

ਟਰੱਕ ਨਾਲ ਟੱਕਰ ਤੋਂ ਬਾਅਦ ਫਾਰਚੂਨਰ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿਚ ਕਰੀਬ 7 ਲੋਕ ਸਵਾਰ ਸਨ। ਜਿਸ ਵਿਚ ਜਗਪਾਲ ਸਿੰਘ (45) ਅਤੇ ਉਸਦੀ ਡੇਢ ਸਾਲਾ ਧੀ ਹਰਲੀਨ ਕੌਰ ਦੀ ਮੌਤ ਹੋ ਗਈ ਅਤੇ ਬਾਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਗੱਡੀ ਨੂੰ ਤੋੜ ਕੇ ਬਾਹਰ ਕੱਢਿਆ ਗਿਆ। ਫੱਟੜ ਹੋਏ ਪਰਿਵਾਰਕ ਮੈਂਬਰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਹਨ। ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਲਾਡੀ ਨੇ ਦੱਸਿਆ ਕਿ ਇਹ ਜਦੋਂ ਹਾਦਸਾ ਹੋਇਆ ਤਾਂ ਸਾਡਾ ਸਾਰਾ ਪਰਿਵਾਰ ਲੇਡੀ ਸੰਗੀਤ ਤੋਂ ਵਾਪਸ ਆ ਰਿਹਾ ਸੀ ਅਤੇ ਅੱਜ ਵਿਆਹ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਇਸ ਵਿਚ ਮੇਰੇ ਜੀਜਾ ਅਤੇ ਮੇਰੀ ਭਾਣਜੀ ਦੀ ਮੌਤ ਹੋ ਗਈ ਅਤੇ ਹੋਰ ਪਰਿਵਾਰਕ ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹਨ ਜੋ ਕਿ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਹਨ।

ਉਨ੍ਹਾਂ ਦੱਸਿਆ ਕਿ ਜੇਕਰ ਟਰੱਕ ਸਾਈਡ ‘ਤੇ ਹੁੰਦਾ ਤਾਂ ਸ਼ਾਇਦ ਇਹ ਅਣਹੋਣੀ ਘਟਨਾ ਨਾ ਵਾਪਰਦੀ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਇਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਤਕਰੀਬਨ ਡੇਢ ਵਜੇ ਵਾਪਰਿਆ। ਇਹ ਟਰੱਕ ਖਰਾਬ ਸੀ ਅਤੇ ਇਹ ਸੜਕ ‘ਤੇ ਖੜ੍ਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਫਾਰਚੂਨਰ ਵਿਚ ਕਰੀਬ ਸੱਤ ਲੋਕ ਸਵਾਰ ਸਨ। ਜਿਨ੍ਹਾਂ ਨੂੰ ਸਾਡੇ ਮੁਲਾਜ਼ਮਾਂ ਵੱਲੋਂ ਗੱਡੀ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

By Gurpreet Singh

Leave a Reply

Your email address will not be published. Required fields are marked *