ਦਸੂਹਾ-ਡੇਰਾ ਬਿਆਸ ਨੇੜੇ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਡੁੱਗਰੀ ਦਾ ਨੌਜਵਾਨ ਸੇਵਾ ਕਰਦਿਆਂ ਪੈਰ ਤਿਲਕਣ ਕਾਰਨ ਬਿਆਸ ਦਰਿਆ ਦੀ ਲਪੇਟ ਵਿਚ ਆ ਗਿਆ। ਦਸੂਹਾ ਦੇ ਪਿੰਡ ਡੁੱਗਰੀ ਦਾ ਇਕ ਨੌਜਵਾਨ ਬਲਵਿੰਦਰ ਸਿੰਘ ਉਰਫ਼ ਬੰਟੀ ਪੁੱਤਰ ਸਰੂਪ ਲਾਲ, ਰਾਧਾ ਸੁਆਮੀ ਡੇਰਾ ਬਿਆਸ ‘ਤੇ ਆਪਣੇ ਹੋਰ ਸਾਥੀ ਸੇਵਾਦਾਰਾਂ ਨਾਲ ਡੇਰਾ ਬਿਆਸ ਵਿਖੇ ਸੇਵਾ ਕਰਨ ਲਈ ਗਿਆ ਸੀ।
ਕੱਲ੍ਹ ਸ਼ਾਮ ਜਦੋਂ ਉਹ ਸੇਵਾ ਕਰ ਰਹੇ ਸਨ ਤਾਂ ਉਸ ਦਾ ਪੈਰ ਬਿਆਸ ਦਰਿਆ ਦੇ ਕਿਨਾਰੇ ’ਤੇ ਪਈਆਂ ਬੋਰੀਆਂ ਤੋਂ ਤਿਲਕ ਗਿਆ। ਇਸ ਦੌਰਾਨ ਉਹ ਬਿਆਸ ਦਰਿਆ ਦੇ ਤੇਜ਼ ਵਹਾਅ ਵਿਚ ਆ ਗਿਆ ਅਤੇ ਉਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਦੇ ਪਰਿਵਾਰਕ ਮੈਂਬਰ ਜੋ ਪਤਾ ਲੱਗਣ ’ਤੇ ਡੇਰੇ ’ਤੇ ਪਹੁੰਚ ਗਏ, ਉਨ੍ਹਾਂ ਨਾਲ ਵੀ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋ ਰਿਹਾ।
ਉਨ੍ਹਾਂ ਦੇ ਇਕ ਨਜ਼ਦੀਕੀ ਸਬੰਧੀ ਨੇ ਦੱਸਿਆ ਕਿ ਬਿਆਸ ਦਰਿਆ ਵਿਚੋਂ ਬਲਵਿੰਦਰ ਸਿੰਘ ਬੰਟੀ ਦੀ ਹਰ ਢੰਗ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਵੀ ਅਸਲ ਸਥਿਤੀ ਸਾਹਮਣੇ ਨਹੀਂ ਆਈ। ਇਹ ਵੀ ਪਤਾ ਲੱਗਾ ਹੈ ਕਿ ਲਗਭਗ ਛੇ ਮਹੀਨੇ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
