ਨਵਜੋਤ ਕੌਰ ਸਿੱਧੂ ਦੀ ਭਾਜਪਾ ‘ਚ ਵਾਪਸੀ ਨੂੰ ਲੈ ਕੇ ਮਨੋਰੰਜਨ ਕਾਲੀਆ ਦਾ ਵੱਡਾ ਬਿਆਨ

ਜਲੰਧਰ – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਰਾਹੁਲ ਗਾਂਧੀ, ਰਵਨੀਤ ਬਿੱਟੂ ਅਤੇ ਸਿੱਧੂ ਪਰਿਵਾਰ ਨੂੰ ਲੈ ਕੇ ਕਈ ਵੱਡੇ ਬਿਆਨ ਦਿੱਤੇ ਹਨ। ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਚੱਲ ਰਹੇ ਵਿਵਾਦ ‘ਤੇ ਬੋਲਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦੇ ਅੰਦਰ ਮੰਥਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਰਵਨੀਤ ਬਿੱਟੂ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਆਗੂ ਕਾਂਗਰਸ ਛੱਡ ਕੇ ਜਾ ਚੁੱਕੇ ਹਨ, ਜਿਸ ਲਈ ਰਾਹੁਲ ਗਾਂਧੀ ਨੂੰ ਆਤਮ-ਚਿੰਤਨ ਕਰਨਾ ਚਾਹੀਦਾ ਹੈ। ਕਾਲੀਆ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਬਿਨਾਂ ਸੋਚੇ-ਸਮਝੇ ਨਹੀਂ ਬੋਲਣਾ ਚਾਹੀਦਾ। ਉਥੇ ਹੀ ਉਨ੍ਹਾਂ ਨਵਜੋਤ ਕੌਰ ਸਿੱਧੂ ਦੀ ਭਾਜਪਾ ਵਿੱਚ ਵਾਪਸੀ ਬਾਰੇ ਵੱਡਾ ਬਿਆਨ ਦਿੰਦੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੀ ਭਾਜਪਾ ‘ਚਕਦੇ ਵਾਪਸੀ ਨਹੀਂ ਹੋਵੇਗੀ। 

ਸਿੱਧੂ ਪਰਿਵਾਰ ਦੀ ਭਾਜਪਾ ‘ਚ ਵਾਪਸੀ ਲਈ ਦਰਵਾਜ਼ੇ ਹਮੇਸ਼ਾ ਲਈ ਬੰਦ
ਨਵਜੋਤ ਕੌਰ ਸਿੱਧੂ ਦੀ ਭਾਜਪਾ ਵਿੱਚ ਵਾਪਸੀ ਬਾਰੇ ਮਨੋਰੰਜਨ ਕਾਲੀਆ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ‘ਚ ਕਦੇ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਹੈ ਕਿ ਸਿੱਧੂ ਪਰਿਵਾਰ ਨੇ ਪਾਰਟੀ ਛੱਡੀ ਨਹੀਂ ਹੈ, ਸਗੋਂ ਸਿਰਫ਼ ਕਾਂਗਰਸ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਾਲੀਆ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੋ ਆਗੂ ਪਾਰਟੀ ਛੱਡ ਕੇ ਗਏ ਹਨ, ਉਨ੍ਹਾਂ ਲਈ ਭਾਜਪਾ ਵਿਚ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ ਅਤੇ ਪਾਰਟੀ ਉਨ੍ਹਾਂ ਦੀ ਵਾਪਸੀ ਨਹੀਂ ਕਰਵਾਏਗੀ।

ਸੁਸ਼ੀਲ ਰਿੰਕੂ ਅਤੇ ਫੋਟੋ ਵਿਵਾਦ 
ਸੁਸ਼ੀਲ ਰਿੰਕੂ ਨਾਲ ਨਾਰਾਜ਼ਗੀ ਦੀਆਂ ਖ਼ਬਰਾਂ ‘ਤੇ ਕਾਲੀਆ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਵਾਇਰਲ ਹੋਈ ਫੋਟੋ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਫੋਟੋ ਵਿੱਚੋਂ ਨਹੀਂ ਹਟਾਇਆ ਸਗੋਂ ਜਿਵੇਂ ਦੀ ਤਸਵੀਰ ਉਨ੍ਹਾਂ ਕੋਲ ਆਈ ਸੀ, ਉਵੇਂ ਹੀ ਪੋਸਟ ਕੀਤੀ ਗਈ ਸੀ।

ਭਾਜਪਾ-ਅਕਾਲੀ ਦਲ ਗਠਜੋੜ ਅਤੇ 2027 ਦੀਆਂ ਚੋਣਾਂ 
ਅਕਾਲੀ ਦਲ ਨਾਲ ਗਠਜੋੜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗਠਜੋੜ ਨੇ ਪੰਜਾਬ ਦੀ ਬਿਹਤਰੀ ਅਤੇ ਅਮਨ-ਸ਼ਾਂਤੀ ਨੂੰ ਮਜ਼ਬੂਤ ਕੀਤਾ ਸੀ ਪਰ ਹੁਣ ਭਾਜਪਾ ਨੇ ਇਕੱਲੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ, ਜੋ 2022 ਤੋਂ ਲਾਗੂ ਹੈ। ਹਰਿਆਣਾ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉੱਥੇ ਵੀ ਪਾਰਟੀ ਨੇ ਇਕੱਲਿਆਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ। 2027 ਦੀਆਂ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਅੰਤਿਮ ਫ਼ੈਸਲਾ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਲੀਆ ਨੇ ਕਿਹਾ ਕਿ ਅਦਾਲਤਾਂ ਕਾਨੂੰਨ ਅਤੇ ਸਬੂਤਾਂ ਦੇ ਆਧਾਰ ‘ਤੇ ਫ਼ੈਸਲਾ ਲੈਂਦੀਆਂ ਹਨ ਅਤੇ ਇਸੇ ਆਧਾਰ ‘ਤੇ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ।

By Gurpreet Singh

Leave a Reply

Your email address will not be published. Required fields are marked *