ਨੈਸ਼ਨਲ ਟਾਈਮਜ਼ ਬਿਊਰੋ :- ਕੇਰਲਾ ਨਾਲ ਸਬੰਧਤ ਵਿਅਕਤੀ ਦੀ ਜੌਰਡਨ-ਇਜ਼ਰਾਈਲ ਬਾਰਡਰ ’ਤੇ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ। ਇਹ ਦਾਅਵਾ ਪੀੜਤ ਦੇ ਇਥੇ ਰਹਿੰਦੇ ਰਿਸ਼ਤੇਦਾਰਾਂ ਨੇ ਕੀਤਾ ਹੈ। ਪੀੜਤ ਦੀ ਪਛਾਣ ਐਨੀ ਥੌਮਸ ਗੈਬਰੀਅਲ (47) ਵਜੋਂ ਦੱਸੀ ਗਈ ਹੈ। ਗੈਬਰੀਅਲ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ 1 ਮਾਰਚ ਨੂੰ ਭਾਰਤੀ ਅੰਬੈਸੀ ਵੱਲੋਂ ਈਮੇਲ ਮਿਲੀ ਸੀ, ਜਿਸ ਵਿਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।
ਇਕ ਰਿਸ਼ਤੇਦਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਾਨੂੰ ਜੌਰਡਨ ਵਿਚ ਭਾਰਤੀ ਅੰਬੈਸੀ ਵੱਲੋਂ ਗੈਬਰੀਅਲ ਦੀ ਮੌਤ ਸਬੰਧੀ ਇਕ ਪੱਤਰ ਮਿਲਿਆ ਸੀ, ਪਰ ਇਸ ਮਗਰੋਂ ਸਾਨੂੰ ਕੋਈ ਹੋਰ ਜਾਣਕਾਰੀ ਨਹੀਂ ਮਿਲੀ।’’ ਜੌਰਡਨ ਦੇ ਸੁਰੱਖਿਆ ਬਲਾਂ ਵੱਲੋਂ ਸਰਹੱਦ ’ਤੇ ਗੋਲੀਬਾਰੀ ਦੀ ਇਹ ਘਟਨਾ 10 ਫਰਵਰੀ ਦੀ ਦੱਸੀ ਜਾਂਦੀ ਹੈ। ਇਸ ਦੌਰਾਨ ਗੈਬਰੀਅਲ ਦੇ ਰਿਸ਼ਤੇਦਾਰ ਐਡੀਸਨ ਦੇ ਵੀ ਗੋਲੀ ਲੱਗੀ, ਪਰ ਉਹ ਕਿਸੇ ਤਰ੍ਹਾਂ ਭਾਰਤ ਮੁੜ ਆਇਆ। ਗੈਬਰੀਅਲ 5 ਫਰਵਰੀ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਤਾਮਿਲ ਨਾਡੂ ਦੇ ਇਕ ਈਸਾਈ ਤੀਰਥ ਸਥਾਨ ਵੇਲਾਨਕੰਨੀ ਜਾ ਰਿਹਾ ਹੈ।
ਟੀਵੀ ਰਿਪੋਰਟਾਂ ਮੁਤਾਬਕ ਗੈਬਰੀਅਲ ਤੇ ਐਡੀਸਨ ਉਸ ਚਾਰ ਮੈਂਬਰੀ ਸਮੂਹ ਵਿਚ ਸ਼ਾਮਲ ਸਨ, ਜਿਨ੍ਹਾਂ ਇਕ ਏਜੰਟ ਦੀ ਮਦਦ ਨਾਲ ਜੌਰਡਨ ਦੀ ਸਰਹੱਦ ਤੋਂ ਇਜ਼ਰਾਈਲ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਹ ਚਾਰੋਂ ਤਿੰਨ ਮਹੀਨੇ ਦੇ ਵਿਜ਼ਿਟਰ ਵੀਜ਼ੇ ’ਤੇ ਜੌਰਡਨ ਆਏ ਸਨ। ਜੌਰਡਨ ਦੀ ਫੌਜ ਨੇ ਇਨ੍ਹਾਂ ਨੂੰ ਸਰਹੱਦ ’ਤੇ ਰੋਕਿਆ, ਪਰ ਜਦੋਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਬਲਾਂ ਨੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਚੋਂ ਇਕ ਗੋਲੀ ਗੈਬਰੀਅਲ ਦੇ ਸਿਰ ਵਿਚ ਲੱਗੀ ਜਦੋਂਕਿ ਐਡੀਸਨ ਦੀ ਲੱਤ ਵਿਚ ਗੋਲੀ ਲੱਗੀ। ਐਡੀਸਨ ਨੂੰ ਜੌਰਡਨ ਦੇ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਐਡੀਸਨ ਦੀ ਘਰ ਵਾਪਸੀ ਤੋਂ ਬਾਅਦ ਹੀ ਗੈਬਰੀਅਲ ਦੇ ਪਰਿਵਾਰ ਨੂੰ ਉਨ੍ਹਾਂ ਦੇ ਜੌਰਡਨ ਜਾਣ ਬਾਰੇ ਪਤਾ ਲੱਗਾ। ਗੈਬਰੀਅਲ ਦੇ ਪਰਿਵਾਰ ਵਿਚ ਪਿੱਛੇ ਪਤਨੀ ਹੈ।