ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਇਕ ਨੌਜਵਾਨ ਨੂੰ ਦਿਹਾਤੀ ਪੁਲਸ ਥਾਣਾ ਕੰਬੋਅ ਵਿਖੇ ਉਸ ਸਮੇਂ ਰੀਲ ਬਣਾਉਣਾ ਮਹਿੰਗਾ ਪੈ ਗਿਆ ਜਦੋਂ ਪੁਲਸ ਨੇ ਉਸ ‘ਤੇ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਬਾਅਦ ਵਿਚ ਨੌਜਵਾਨ ਨੇ ਮੁਆਫ਼ੀ ਪੱਤਰ ਲਿਖਿਆ ਅਤੇ ਦੁਬਾਰਾ ਅਜਿਹਾ ਕਦਮ ਨਾ ਚੁੱਕਣ ਦੀ ਤੌਬਾ ਕਰਕੇ ਆਪਣੀ ਜਾਨ ਬਚਾਈ। ਹਿਰਾਸਤ ਵਿਚ ਲਏ ਗਏ ਨੌਜਵਾਨ ਦੀ ਪਛਾਣ ਅੰਮ੍ਰਿਤਦੀਪ ਸਿੰਘ ਵਾਸੀ ਖੇਹਰਾਬਾਦ, ਅੰਮ੍ਰਿਤਸਰ ਵਜੋਂ ਹੋਈ ਹੈ।
ਕੀ ਹੈ ਮਾਮਲਾ
ਉਕਤ ਨੌਜਵਾਨ ਅੰਮ੍ਰਿਤਦੀਪ ਹਾਲ ਹੀ ਵਿਚ ਕਿਸੇ ਕੰਮ ਲਈ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਣ ਵਾਲੇ ਥਾਣਾ ਕੰਬੋਅ ਗਿਆ ਸੀ। ਉਸ ਨੇ ਥਾਣੇ ਤੋਂ ਬਾਹਰ ਆਉਂਦੇ ਸਮੇਂ ਫਿਲਮੀ ਅੰਦਾਜ਼ ਵਿਚ ਆਪਣੀ ਵੀਡੀਓ ਬਣਾਈ। ਇਸ ਤੋਂ ਬਾਅਦ, ਸਿੱਧੂ ਮੂਸੇਵਾਲਾ ਦਾ ਗੀਤ ‘ਮੁੰਡਾ ਪਾਵਰ ’ਚ…’ ਇਸ ਵਿਚ ਜੋੜਿਆ ਗਿਆ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਥਾਣੇ ਦੀ ਵੀਡੀਓ ਦੇਖਣ ਤੋਂ ਬਾਅਦ, ਪੁਲਸ ਹਰਕਤ ਵਿਚ ਆਈ। ਨੌਜਵਾਨ ਨੂੰ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲੱਭਿਆ ਗਿਆ ਅਤੇ ਉਸ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਪਰ ਬਾਅਦ ਵਿਚ ਨੌਜਵਾਨ ਨੇ ਆਪਣੇ ਕੀਤੇ ਲਈ ਮੁਆਫੀ ਮੰਗ ਲਈ। ਸੀਨੀਅਰ ਅਧਿਕਾਰੀਆਂ ਨੇ ਉਸ ਦੀ ਮੁਆਫ਼ੀ ਸਵੀਕਾਰ ਕਰ ਲਈ ਅਤੇ ਉਸ ਨੂੰ ਅੰਤਿਮ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਹੱਥ ਜੋੜ ਕੇ ਮੰਗੀ ਮੁਆਫੀ
ਅੰਮ੍ਰਿਤਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਕੰਬੋਅ ਥਾਣੇ ਆਇਆ ਸੀ ਪਰ ਪੁਲਸ ਸਟੇਸ਼ਨ ਤੋਂ ਬਾਹਰ ਆਉਂਦੇ ਸਮੇਂ ਉਸ ਦੇ ਦੋਸਤ ‘ਤੇ ਇਕ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਉਸ ਨੇ ਉਸ ਦੇ ਪਿੱਛੇ ਇਕ ਗੀਤ ਲਾਇਆ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ। ਇਹ ਉਸ ਦੀ ਗਲਤੀ ਸੀ ਅਤੇ ਉਹ ਇਸ ਲਈ ਮੁਆਫੀ ਮੰਗਦਾ ਹੈ।