ਮੁੰਬਈ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ‘ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਫਲਾਈਟ ‘ਚ ਸਵਾਰ ਇੱਕ 89 ਸਾਲਾ ਔਰਤ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਦੀ ਐਤਵਾਰ ਰਾਤ ਨੂੰ ਛਤਰਪਤੀ ਸੰਭਾਜੀਨਗਰ ਦੇ ਚਿਕਲਥਾਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸੁਸ਼ੀਲਾ ਦੇਵੀ ਮੁੰਬਈ ਤੋਂ ਜਹਾਜ਼ ਵਿੱਚ ਚੜ੍ਹੀ ਸੀ ਅਤੇ ਉਡਾਣ ਦੌਰਾਨ ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ। ਉਸ ਦੀ ਹਾਲਤ ਦੇਖਦੇ ਹੋਏ ਮੈਡੀਕਲ ਐਮਰਜੈਂਸੀ ਦੇ ਕਾਰਨ ਜਹਾਜ਼ ਨੇ ਰਾਤ 10 ਵਜੇ ਦੇ ਕਰੀਬ ਚਿਕਲਥਾਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ।
ਹਵਾਈ ਅੱਡੇ ‘ਤੇ ਮੌਜੂਦ ਮੈਡੀਕਲ ਟੀਮ ਨੇ ਔਰਤ ਦੀ ਜਾਂਚ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਐੱਮ.ਆਈ.ਡੀ.ਸੀ. ਸਿਡਕੋ ਪੁਲਸ ਸਟੇਸ਼ਨ ਨੇ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਿਸ ਤੋਂ ਬਾਅਦ ਜਹਾਜ਼ ਵਾਰਾਣਸੀ ਲਈ ਰਵਾਨਾ ਹੋ ਗਿਆ। ਏਅਰਲਾਈਨ ਦੇ ਅਨੁਸਾਰ ਔਰਤ ਦੀ ਲਾਸ਼ ਨੂੰ ਛਤਰਪਤੀ ਸੰਭਾਜੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ।