ਗੁਰਪ੍ਰੀਤ ਸਿੰਘ :- ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 29 ਜੂਨ ਨੂੰ ਪੇਸ਼ ਹੋਣ ਬਾਰੇ ਫੈਸਲਾ ਕਰਨ ਲਈ ਪਾਰਟੀ ਦੀ ਅਹਿਮ ਮੀਟਿੰਗ 28 ਜੂਨ (ਐਤਵਾਰ) ਨੂੰ ਸਵੇਰੇ ਗਿਆਰਾਂ ਵਜੇ ਅੰਮ੍ਰਿਤਸਰ ਵਿਖੇ ਬੁਲਾਈ ਗਈ ਹੈ। ਸੱਭਤੋਂ ਅਹਿਮ ਗੱਲ ਹੈ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਦੌਰੇ ਤਹਿਤ 27 ਜੂਨ ਨੂੰ ਅੰਮ੍ਰਿਤਸਰ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੁੱਜ ਰਹੇ ਹਨ। ਸੂਤਰ ਦੱਸਦੇ ਹਨ ਕਿ ਆਪ ਦੇ ਜ਼ਿਆਦਾਤਰ ਸਿੱਖ ਵਿਧਾਇਕ ਧਰਮ ਦੇ ਮਾਮਲੇ ਵਿਚ ਕਿਸੇ ਨਵੇਂ ਵਿਵਾਦ ਵਿਚ ਫਸਣਾ ਨਹੀਂ ਚਾਹੁੰਦੇ ਅਤੇ ਉਹ ਅਕਾਲ ਤਖ਼ਤ ਸਾਹਿਬ ਦੇ ਸੱਦੇ ’ਤੇ ਪੇਸ਼ ਹੋਣਾ ਚਾਹੁੰਦੇ ਹਨ। ਹਾਲਾਂਕਿ ਇਸ ਮੁੱਦੇ ’ਤੇ ਪਾਰਟੀ ਦੇ ਜ਼ਿਆਦਾਤਰ ਆਗੂਆਂ, ਵਿਧਾਇਕਾਂ ਨੇ ਚੁੱਪ ਧਾਰੀ ਹੋਈ ਹੈ, ਪਰ ਉਹਨਾਂ ਦੀ ਚੁੱਪੀ ਸਪਸ਼ਟ ਕਰਦੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਬਜਾਏ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣਾ ਚਾਹੁੰਦੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਭੇਜੇ ਗਏ ਸੱਦੇ ਅਨੁਸਾਰ 29 ਜੂਨ ਨੂੰ ਜਰੂਰ ਹਾਜ਼ਰ ਹੋਣਗੇ। ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਜੋ ਅਕਾਲੀ ਦਲ ਵਾਰਸ ਪੰਜਾਬ ਵਿਚ ਸ਼ਾਮਲ ਹੋ ਚੁੱਕੇ ਹਨ, ਨੇ ਵੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੀ ਗੱਲ ਕਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ,ਵਿਧਾਇਕ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵ ਉਚ ਅਸਥਾਨ ਹੈ, ਇਸ ਲਈ ਕਾਂਗਰਸੀ ਵਿਧਾਇਕ ਨਿਮਾਣੇ ਸਿੱਖ ਵਾਂਗ ਪੇਸ਼ ਹੋਣਗੇ। ਇਸ ਮੁੱਦੇ ’ਤੇ ਹੁਕਮਰਾਨ ਧਿਰ ਦੇ ਵਿਧਾਇਕਾਂ ਨੇ ਚੁੱਪੀ ਧਾਰੀ ਹੋਈ ਹੈ।
ਪਰ ਦੱਸਿਆ ਜਾਂਦਾ ਹੈ ਕਿ ਪਾਰਟੀ ਨੇ ਐਤਵਾਰ ਨੂੰ ਸਵੇਰੇ ਗਿਆਰਾਂ ਵਜੇ ਅੰਮ੍ਰਿਤਸਰ ਵਿਖੇ ਮੀਟਿੰਗ ਬੁਲਾਈ ਹੈ।ਜਿਸ ਵਿਚ ਵਿਧਾਇਕਾਂ, ਮੰਤਰੀਆਂ ਨੂੰ ਬੁਲਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇੱਥੇ ਦੱਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਮੁੱਖ ਮੰਤਰੀ ਨੂੰ ਗੁਰੂ ਦੋਖੀ,ਪੰਥ ਵਿਰੋਧੀ ਐਲਾਨ ਦਿੱਤਾ ਹੈ।
ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਲੋਂ ਸਿੱਖ ਵਿਧਾਇਕਾਂ, ਮੰਤਰੀਆਂ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਪੱਤਰ ਭੇਜਿਆ ਹੈ। ਅਕਾਲ ਤਖ਼ਤ ਸਾਹਿਬ ਨੇ ਅਜੇ ਮੁੱਖ ਮੰਤਰੀ ਨੂੰ ਪੇਸ਼ ਹੋਣ ਬਾਰੇ ਕੋਈ ਪੱਤਰ ਨਹੀਂ ਭੇਜਿਆ ਪਰ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੌਰਾਨ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ ਹੈ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਦਾ ਆਉਂਦਾ ਹੈ ਤਾਂ ਉਹ ਜਰੂਰ ਜਾਣਗੇ ਕਿਉਂਕਿ ਉਹ ਪਹਿਲਾਂ ਵੀ ਪੇਸ਼ ਹੋ ਚੁੱਕੇ ਹਨ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਭਖ਼ੀ ਹੋਈ ਹੈ। ਸਮੁੱਚੀਆਂ ਸਿਆਸੀ ਧਿਰਾਂ ਵਲੋਂ ਮੁੱਖ ਮੰਤਰੀ ਤੋਂ ਅਸਤੀਫ਼ਾ ਮੰਗਿਆ ਜਾ ਰਿਹਾ ਹੈ।
