‘ਆਪ’ ਯੂਥ ਵਿੰਗ ਵੱਲੋਂ ਕੱਢੀ ਗਈ ‘ਸ਼ੁਕਰਾਨਾ ਯਾਤਰਾ’, ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ

'ਆਪ' ਯੂਥ ਵਿੰਗ ਵੱਲੋਂ ਕੱਢੀ ਗਈ 'ਸ਼ੁਕਰਾਨਾ ਯਾਤਰਾ', ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ

ਚੰਡੀਗੜ੍ਹ (ਗੁਰਪ੍ਰੀਤ ਸਿੰਘ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਵੱਲੋਂ ਸੂਬਾ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਇੱਕ ਵਿਸ਼ਾਲ ‘ਸ਼ੁਕਰਾਨਾ ਯਾਤਰਾ’ ਕੱਢੀ ਗਈ। ਨੌਜਵਾਨਾਂ ਦੇ ਭਾਰੀ ਉਤਸ਼ਾਹ ਅਤੇ ਇੱਕਜੁਟਤਾ ਦੇ ਨਾਲ ਇਹ ਯਾਤਰਾ ਖਰੜ ਤੋਂ ਸ਼ੁਰੂ ਹੋ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸੰਪੰਨ ਹੋਈ। ਇਸ ਦੌਰਾਨ ਪਾਰਟੀ ਦੇ ਯੂਥ ਵਰਕਰਾਂ ਨੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਲਿਆ।

ਇਸ ਯਾਤਰਾ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਜਲੰਧਰ ਕੈਂਟ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਯੋਜਨਾ ਬੋਰਡ ਦੇ ਜ਼ਿਲ੍ਹਾ ਇੰਚਾਰਜ ਅੰਮ੍ਰਿਤਪਾਲ ਸਿੰਘ ਅਤੇ ਚੇਅਰਮੈਨ ਮੰਗਲ ਸਿੰਘ ਬੱਸੀ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਏ। ਆਗੂਆਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਅਸਲੀ ਤਾਕਤ ਦੱਸਿਆ ਅਤੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਹੀ ਸੂਬੇ ਵਿੱਚ ਸਕਾਰਾਤਮਕ ਬਦਲਾਅ ਦੀ ਨੀਂਹ ਹੈ।

ਆਪਣੇ ਸੰਬੋਧਨ ਵਿੱਚ ਗੋਲਡੀ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਇੰਚਾਰਜ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ‘ਆਪ’ ਆਗੂ ਸ਼ੈਰੀ ਕਲਸੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਨੇ ਨੌਜਵਾਨਾਂ ‘ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਉਸ ‘ਤੇ ਖਰਾ ਉਤਰਦੇ ਹੋਏ ਜਥੇਬੰਦੀ ਨੂੰ ਹੋਰ ਗਤੀਸ਼ੀਲ ਅਤੇ ਮਜ਼ਬੂਤ ਬਣਾਉਣਗੇ।

ਗੋਲਡੀ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਰਜਣਾਤਮਕ ਕਾਰਜਾਂ ਨਾਲ ਜੋੜਨ ਲਈ ਪਾਰਟੀ ਵੱਲੋਂ ਵਾਰਡਾਂ ਅਤੇ ਪਿੰਡਾਂ ਵਿੱਚ ਲਗਭਗ 16,000 ਯੂਥ ਕਲੱਬ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕਲੱਬਾਂ ਰਾਹੀਂ ਨੌਜਵਾਨਾਂ ਨੂੰ ਸਮਾਜ ਸੇਵਾ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ, ਤਾਂ ਜੋ ਉਨ੍ਹਾਂ ਨੂੰ ਭਵਿੱਖ ਦੀ ਲੀਡਰਸ਼ਿਪ ਲਈ ਇੱਕ ਬਿਹਤਰ ਪਲੇਟਫਾਰਮ ਮਿਲ ਸਕੇ।

ਸੂਬਾ ਸਰਕਾਰ ਦੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਗੋਲਡੀ ਨੇ ਕਿਹਾ ਕਿ ਪਿੰਡਾਂ ਅਤੇ ਵਾਰਡਾਂ ਵਿੱਚ ਖੇਡ ਮੈਦਾਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਆਤਮ-ਨਿਰਭਰ ਬਣ ਸਕਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਆਉਣ।

By Gurpreet Singh

Leave a Reply

Your email address will not be published. Required fields are marked *