ਮੁੱਲਾਂਪੁਰ ਦਾਖਾ – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਗਰਾਓਂ ਦੇ ਤਤਕਾਲੀ ਐੱਸ.ਐੱਸ.ਪੀ. ਅੰਕੁਰ ਗੁਪਤਾ ਨੂੰ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 18 ਅਗਸਸਤ ਨੂੰ ਨਿੱਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਵੀ ਜਾਰੀ ਕੀਤਾ ਹੈ।
ਦਰਅਸਲ, ਪੀੜਤ ਸੁਖਦੇਵ ਸਿੰਘ ਪੁੱਤਰ ਸਵ. ਮਲਕੀਅਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਨੇ ਪਿਛਲੇ 9 ਸਾਲਾਂ ਤੋਂ ਪੁਲਸ ਪ੍ਰਸ਼ਾਸਨ ਦੇ ਚੱਕਰ ਕੱਢਦਿਆਂ ਇਨਸਾਫ਼ ਨਾ ਮਿਲਣ ‘ਤੇ ਹਾਈ ਕੋਰਟ ਦਾ ਰਾਹ ਅਖ਼ਤਿਆਰ ਕੀਤਾ। ਹਾਈ ਕੋਰਟ ਨੇ ਪੀੜਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਿਆ ਤਾਂ ਪੁਲਸ ਅਫਸਰਾਂ ਦੀ ਡਿਊਟੀ ਵਿਚ ਕੋਤਾਹੀ ਸਾਹਮਣੇ ਆਈ ਕਿਉਂਕਿ ਪੀੜਿਤ ਸੁਖਦੇਵ ਸਿੰਘ ਨੇ ਤਤਕਾਲੀ ਪੁਲਸ ਮੁਖੀ ਨਵਨੀਤ ਸਿੰਘ ਬੈਂਸ, ਜਸਜੋਤ ਸਿੰਘ ਡੀ.ਐੱਸ.ਪੀ, ਪੁਲਸ ਕਪਤਾਨ ਗੁਰਦੀਪ ਸਿੰਘ ਗੋਸਲ ਅਤੇ ਇੰਸਪੈਕਟਰ ਜਸਵੀਰ ਸਿੰਘ ਵਿਰੁੱਧ ਹਾਈਕੋਰਟ ਵਿਚ ਚਾਰਾਜੋਈ ਕੀਤੀ ਸੀ ਜਿਸ ‘ਤੇ ਮਿਤੀ 29/7/2025 ਨੂੰ ਮਾਣਯੋਗ ਅਦਾਲਤ ਅਲਕਾ ਸਰੀਨ ਨੇ ਪੁਲਸ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਜਿੱਥੇ ਪੁਲਸ ਮੁਖੀ ਜਗਰਾਉਂ ਡਾਕਟਰ ਅੰਕੁਰ ਗੁਪਤਾ ਆਈ.ਪੀ.ਐੱਸ ਨੂੰ 20,000 ਰੁਪਏ ਜੁਰਮਾਨਾ ਕੀਤਾ ਉੱਥੇ ਆਉਣ ਵਾਲੀ ਮਿਤੀ 18.8.2025 ਨੂੰ ਨਿੱਜੀ ਤੌਰ ‘ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ।
ਅੱਜ ਪੱਤਰਕਾਰਾਂ ਸਾਹਮਣੇ ਪੇਸ਼ ਹੋ ਕੇ ਪੀੜਤ ਸੁਖਦੇਵ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ 9 ਸਾਲਾਂ ਤੋਂ ਪੁਲਸ ਵਧੀਕੀਆਂ ਦਾ ਸ਼ਿਕਾਰ ਹੋਇਆ ਹਾਂ। ਮੇਰੇ ਨਾਲ ਪ੍ਰਾਈਵੇਟ ਕੰਪਨੀ ਮਾਊਂਟਕੂਲ ਬੈਵਰੇਜ ਲਿਮਿਟਿਡ ਨੇ 4.60 ਲੱਖ ਦੀ ਧੋਖਾਧੜੀ ਕੀਤੀ ਸੀ ਜਿਸ ਦੀ ਸ਼ਿਕਾਇਤ ਕਰਨ ‘ਤੇ ਕੰਪਨੀ ਮਾਲਕਾਂ ਨੇ ਆਪਣੀ ਸਰਕਾਰੇ ਦਰਬਾਰੇ ਪਹੁੰਚ ਨਾਲ ਮੇਰੇ ਖਿਲਾਫ ਹੀ ਸਾਜਿਸ਼ ਰਚ ਕੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਬਾਅਦ ਪੜਤਾਲ ਝੂਠੀ ਸਾਬਤ ਹੋਈ । ਉਪਰੰਤ ਮੈਂ ਮਾਣਯੋਗ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਚੰਡੀਗੜ੍ਹ ਕੋਲ ਪਹੁੰਚ ਕੀਤੀ ਤਾਂ ਉਹਨਾਂ ਦੇ ਹੁਕਮਾਂ ਤੇ ਮੁਕੱਦਮਾਂ ਨੰਬਰ 10/2020 ਥਾਣਾ ਸਿੱਧਵਾਂ ਬੇਟ ਦਰਜ ਹੋਇਆ ਜੋ ਹੁਣ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਮੈਨੂੰ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ । ਇਸ ਮੌਕੇ ਉਨ੍ਹਾਂ ਨਾਲ ਹਰਦੇਵ ਸਿੰਘ ਬੋਪਾਰਾਏ ਅਤੇ ਆਰ.ਟੀ.ਆਈ ਐਕਟੀਵਿਸਟ ਜਗਸੀਰ ਸਿੰਘ ਖਾਲਸਾ ਹਾਜ਼ਰ ਸਨ।