ਪਾਰਟੀ ਦਾ ਅਨੁਸ਼ਾਸਨ ਤੋੜਣ ਵਾਲਿਆਂ ਖ਼ਿਲਾਫ਼ ਸਮਾਂ ਰਹਿੰਦਿਆਂ ਕਾਰਵਾਈ ਦੀ ਲੋੜ: ਰੰਧਾਵਾ

ਗੁਰਦਾਸਪੁਰ: ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦਾ ਅਨੁਸ਼ਾਸਨ ਤੋੜਣ ਵਾਲਿਆਂ ਖ਼ਿਲਾਫ਼ ਸਮੇਂ ਸਿਰ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਆਖ਼ਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਸਹੀ ਸਮੇਂ ‘ਤੇ ਕਾਰਵਾਈ ਦੀ ਲੋੜ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਬਿਆਨ ਵਿਚ ਆਖ਼ਿਆ ਕਿ ਕੁਝ ਲੀਡਰ ਖ਼ੁਦ ਨੂੰ ਪਾਰਟੀ ਨਾਲੋਂ ਵੱਡਾ ਸਮਝਦੇ ਹਨ। ਉਨ੍ਹਾਂ ਨੇ ਪਾਰਟੀ ਲਈ ਮੁਸੀਬਤ ਪੈਦਾ ਕਰਨ ਵਾਲੇ ਅਜਿਹੇ ਲੀਡਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਾ ਵੜਿੰਗ ਦੀ ਹਮਾਇਤ ਕਰਦਿਆਂ ਆਖ਼ਿਆ ਕਿ ਹਰ ਕਾਂਗਰਸੀ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਹੈ ਤੇ ਉਹ ਹਰ ਕਾਂਗਰਸੀ ਦੇ ਲਈ ਸਤਿਕਾਰਯੋਗ ਹਨ। ਰੰਧਾਵਾ ਨੇ ਇਹ ਵੀ ਕਿਹਾ ਕਿ ਇਸ ਵੇਲੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ 8 ਤੋਂ 9 ਦਾਅਵੇਦਾਰ ਹਨ। ਰੰਧਾਵਾ ਨੇ ਕਿਸੇ ਲੀਡਰ ਦਾ ਨਾਂ ਲਏ ਬਗੈਰ ਕਿਹਾ ਕਿ ਕੋਈ ਵੀ ਪਾਰਟੀ ਦੇ ਖ਼ਿਲਾਫ਼ ਬੋਲ ਕੇ ਪਾਰਟੀ ਦਾ ਪ੍ਰਧਾਨ ਨਹੀਂ ਬਣ ਸਕਦਾ। 

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸੇ ਲੀਡਰ ਦਾ ਨਾਂ ਤਾਂ ਨਹੀਂ ਲਿਆ, ਪਰ ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਰਾਜਾ ਵੜਿੰਗ ਨੇ ‘ਸਵਾਰਥੀ’ ਕਰਾਰ ਦਿੰਦਿਆਂ ਵੱਡੀਆਂ ਗੱਲਾਂ ਆਖ਼ੀਆਂ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਅਨੰਦਪੁਰ ਸਾਹਿਬ ਹਲਕੇ ਤੋਂ ਆਪਣੀ ਟਿਕਟ ਕੱਟੇ ਜਾਣ ‘ਤੇ ਵੀ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਵੀ ਇੱਛਾ ਜ਼ਾਹਿਰ ਕੀਤੀ ਸੀ। 

By nishuthapar1

Leave a Reply

Your email address will not be published. Required fields are marked *