ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਜਾਨਲੇਵਾ ਹਮਲਾ ਹੋਣ ਤੋਂ ਬਾਅਦ ਪੁਲਿਸ ਲਗਾਤਾਰ ਮਾਮਲੇ ‘ਚ ਪੜਤਾਲ ਕਰ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਲਈ ਛਾਪੇਮਾਰੀ ਵੀ ਕਰ ਰਹੀ ਹੈ। ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਫਰੀਦਕੋਟ ਦੇ ਡੀਆਈਜੀ ਅਸ਼ਵਨੀ ਕਪੂਰ ਮੋਗਾ ਅਤੇ ਐਸ ਐਸ ਪੀ ਮੋਗਾ, ਰਾਤ ਕਰੀਬ 11 ਵਜੇ ਮੈਡੀਸਿਟੀ ਹਸਪਤਾਲ ਮੋਗਾ ਪਹੁੰਚੇ। ਜਿਥੇ ਉਨ੍ਹਾਂ ਨੇ ਇਲਾਜ ਅਧੀਨ ਡਾ.ਅਨਿਲ ਕੰਬੋਜ ਦਾ ਹਾਲ ਜਾਣਿਆ। ਇਸ ਉਪਰੰਤ ਉਨ੍ਹਾਂ ਮੀਡੀਆ ਨਾਲ ਖ਼ਾਸ ਗੱਲ ਬਾਤ ਕੀਤੀ ਅਤੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਪਹਿਲਾਂ ਵੀ ਮਿਲੀ ਸੀ ਧਮਕੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਨੇ ਖੁਲਾਸਾ ਕੀਤਾ ਕਿ ‘ਅਨਿਲ ਕੰਬੋਜ ਨੂੰ 2022 ‘ਚ ਫਿਰੌਤੀ ਲਈ ਧਮਕੀ ਮਿਲੀ ਸੀ, ਜਿਸ ਸਬੰਧੀ ਉਨ੍ਹਾਂ ਨੂੰ ਮਾਰਚ ਮਹੀਨਾ, ਸਾਲ 2025 ਤੱਕ ਸਿਕਿਉਰਟੀ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਪੂਰੀ ਜਾਂਚ ਕੀਤੀ ਅਤੇ ਡਾ. ਅਨਿਲ ਕੰਬੋਜ ਤੋਂ ਤਾਜ਼ਾ ਹਾਲਾਤ ਜਾਣਨ ਤੋਂ ਬਾਅਦ ਹੀ ਸਿਕਿਉਰਟੀ ਵਾਪਿਸ ਲਈ ਗਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕੋਈ ਥਰੈਟ ਨਹੀਂ ਆਈ ਸੀ। ਜੇਕਰ ਕੋਈ ਧਮਕੀ ਆਈ ਹੁੰਦੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰਨਾ ਸੀ। ਹੁਣ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਇਹ ਹਮਲਾ ਹੋਣਾ ਬੇਹੱਦ ਮੰਦਭਾਗਾ ਹੈ, ਅਸੀਂ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਸੀਸੀਟੀਵੀ ਦੇ ਅਧਾਰ ‘ਤੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਅਤੇ 2 ਦਿਨ ਦੇ ਅੰਦਰ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ।’
ਮੁਲਜ਼ਮਾਂ ਨੂੰ ਕਾਬੂ ਕਰਨ ਲਈ ਬਣਾਈਆਂ ਟੀਮਾਂ
ਪੁਲਿਸ ਅਧਿਕਾਰੀ ਨੇ ਕਿਹਾ ਕਿ ਮੋਗਾ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨਜ਼ਦੀਕ ਪਹੁੰਚ ਚੁਕੀ ਹੈ।ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸੀਆਈਏ ਸਟਾਫ, ਕਾਊਂਟਰ ਇੰਟੈਲੀਜੈਂਸ ਅਤੇ ਏਜੀਟੀਐਫ ਤਿਆਰ ਹੈ। ਪੁਲਿਸ ਵੱਲੋਂ ਸ਼ੂਟਰਾਂ ਨੂੰ ਫੜਨ ਵੱਖ-ਵੱਖ 10 ਟੀਮਾਂ ਬਣਾਈਆਂ ਗਈਆਂ ਹਨ। ਸਾਈਬਰ ਸੈਲ ਹਿਊਮਨ ਇੰਟੈਲੀਜਂਸ ਦੀ ਮਦਦ ਨਾਲ ਸ਼ੂਟਰਾਂ ਨੂੰ ਜਲਦ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਹੀ ਪੰਜਾਬ ਦੀ ਜਨਤਾ ਦੀ ਰਾਖੀ ਕਰਨ ਨੂੰ ਤਿਆਰ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ‘ਚ ਅਜਿਹੀ ਵਾਰਦਾਤ ਨਾ ਹੋਵੇ ਇਸ ਲਈ ਵੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।
ਮੀਡੀਆਂ ਨੂੰ ਅਪੀਲ
ਡੀ.ਆਈ.ਜੀ. ਅਸ਼ਵਨੀ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਡਾਕਟਰ ਕੰਬੋਜ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਸੋਸ਼ਲ ਮੀਡੀਆ ‘ਤੇ ਕੋਈ ਵੀ ਝੂਠੀਆਂ ਖ਼ਬਰਾਂ ਨਾ ਚਲਾਈਆਂ ਜਾਣ।ਇਸ ਸਬੰਧੀ ਤਾਨੀਆ ਦੇ ਪਰਿਵਾਰ ਵੱਲੋਂ ਵੀ ਪੋਸਟ ਪਾ ਕੇ ਮੀਡੀਆ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖ ਕੇ ਮੀਡੀਆ ਵਿੱਚ ਖਬਰਾਂ ਲਗਾਈਆਂ ਜਾਣ ਅਤੇ ਮੈਂ ਵੀ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਪਰਿਵਾਰ ਦੀ ਪ੍ਰਾਈਵੇਸੀ ਨੂੰ ਧਿਆਨ ਚ ਰੱਖਿਆ ਜਾਵੇ।
ਕਿਵੇਂ ਵਾਪਰੀ ਪੂਰੀ ਘਟਨਾ
ਉਲੇਖਯੋਗ ਹੈ ਕਿ ਦੋਵੇਂ ਨੌਜਵਾਨ ਇਲਾਜ ਕਰਵਾਉਣ ਦੇ ਬਹਾਨੇ ਕਲੀਨਿਕ ਦੇ ਅੰਦਰ ਦਾਖਲ ਹੋਏ ਸਨ। ਪਹਿਲੇ ਨੌਜਵਾਨ ਨੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ, ਉਹ ਪਰਨਾ ਬੰਨ੍ਹ ਕੇ ਕਮਰੇ ‘ਚ ਆਉਂਦਾ ਹੈ ਅਤੇ ਆਪਣੀ ਲੱਤ ਚੈੱਕ ਕਰਵਾਉਣ ਦੀ ਗੱਲ ਕਰਦਾ ਹੈ। ਜਿਵੇਂ ਹੀ ਡਾਕਟਰ ਕੰਬੋਜ ਉਸ ਦੀ ਜਾਂਚ ਕਰਨਾ ਸ਼ੁਰੂ ਕਰਦੇ ਹਨ ਤਾਂ ਦੂਜਾ ਨੌਜਵਾਨ ਅਚਾਨਕ ਅੰਦਰ ਆਉਂਦਾ ਹੈ ਅਤੇ ਜੇਬ ’ਚੋਂ ਬੰਦੂਕ ਕੱਢਦਾ ਹੈ ਅਤੇ ਤਾਨੀਆ ਦੇ ਪਿਤਾ ਉੱਤੇ ਗੋਲੀਆਂ ਚਲਾ ਦਿੰਦਾ ਹੈ। ਇਸ ਘਟਨਾ ਦੌਰਾਨ ਅਦਾਕਾਰਾ ਦੇ ਪਿਤਾ ਹੇਠਾਂ ਡਿੱਗ ਜਾਂਦੇ ਹਨ। ਦੋਵੇਂ ਹਮਲਾਵਰ ਫਾਇਰਿੰਗ ਕਰ ਕੇ ਮੌਕੇ ਤੋਂ ਭੱਜ ਜਾਂਦੇ ਹਨ। ਇਹ ਸਾਰੀ ਵਾਰਦਾਤ ਮੋਗਾ ਦੇ ਕੋਰਟ ਇਸੇ ਖੇਤਰ ਵਿੱਚ ਸਥਿਤ ਕਲੀਨਿਕ ‘ਚ ਵਾਪਰੀ। ਸੀਸੀਟੀਵੀ ਕੈਮਰਿਆਂ ਨੇ ਹਰ ਪਲ ਨੂੰ ਕੈਦ ਕਰ ਲਿਆ ਹੈ, ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਸ ਵਾਰਦਾਤ ਪੂਰੇ ਯੋਜਨਾ ਬੱਧ ਢੰਗ ਨਾਲ ਅੰਜ਼ਾਮ ਦਿੱਤਾ ਗਿਆ। ਫਿਲਹਾਲ ਡਾਕਟਰ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪੁਲਿਸ ਵੱਲੋਂ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਦੋਵੇਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
