7 ਸਾਲ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਜਿਊਲਰ ’ਤੇ ਸਰਵੇ; ਕਰੋੜਾਂ ਦੀ ਅਣ-ਐਲਾਨੀ ਆਮਦਨ ਦਾ ਖ਼ੁਲਾਸਾ

ਨੈਸ਼ਨਲ ਟਾਈਮਜ਼ ਬਿਉਰੋ :- ਆਮਦਨ ਕਰ ਕਮਿਸ਼ਨਰੇਟ ਅੰਮ੍ਰਿਤਸਰ ਦੀ ਰੇਂਜ-1 ਵੱਲੋਂ ਸੱਤ ਸਾਲਾਂ ਬਾਅਦ ਕਿਸੇ ਜਿਊਲਰ ’ਤੇ ਆਮਦਨ ਟੈਕਸ ਸਰਵੇਖਣ ਕੀਤਾ ਗਿਆ ਹੈ, ਜਿਸ ਵਿਚ ਕਰੋੜਾਂ ਰੁਪਏ ਦੀ ਅਣ-ਐਲਾਨੀ ਆਮਦਨ ਦਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਮਾਰਕੀਟ ਵਿਚ ਸੋਨੇ ਦੀਆਂ ਕੀਮਤਾਂ ਵਿਚ ਤਿੰਨ ਗੁਣਾ ਵਾਧੇ ਦੇ ਬਾਵਜੂਦ ਆਮਦਨ ਕਰ ਵਿਭਾਗ ਨੂੰ ਉਮੀਦ ਅਨੁਸਾਰ ਟੈਕਸ ਸੰਗ੍ਰਹਿ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਮੁੱਖ ਕਮਿਸ਼ਨਰ ਜੀ. ਐੱਸ. ਫਨੀ ਕਿਸ਼ੋਰ (ਆਈ. ਆਰ. ਐੱਸ.), ਪ੍ਰਿੰਸੀਪਲ ਕਮਿਸ਼ਨਰ ਕੰਵਲਜੀਤ ਸਿੰਘ (ਆਈ. ਆਰ. ਐੱਸ.), ਵਧੀਕ ਕਮਿਸ਼ਨਰ ਯਸ਼ੇਂਦਰ ਗਰਗ (ਆਈ. ਆਰ. ਐੱਸ.) ਅਤੇ ਸਹਾਇਕ ਕਮਿਸ਼ਨਰ ਪਵਿੰਦਰ ਸਿੰਘ (ਆਈ. ਆਰ. ਐੱਸ.) ਦੀ ਅਗਵਾਈ ਵਾਲੀ ਇਕ ਟੀਮ ਵੱਲੋਂ ਬਟਾਲਾ ਦੇ ਲੂਥਰਾ ਜਿਊਲਰੀ ਹਾਊਸ ਵਿਖੇ ਸਰਵੇਖਣ ਕੀਤਾ ਗਿਆ, ਜਿਸ ਵਿਚ ਲਗਭਗ ਤਿੰਨ ਦਰਜਨ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਇਸ ਕਾਰਵਾਈ ਵਿਚ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਆਮਦਨ ਕਰ ਕਮਿਸ਼ਨਰੇਟ ਰੇਂਜ-1 ਵਿਚ ਤਰਨਤਾਰਨ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ। ਵਿਭਾਗ ਦੀ ਇਸ ਕਾਰਵਾਈ ਨੇ ਉਨ੍ਹਾਂ ਜਿਊਲਰਾਂ ਵਿਚ ਡਰ ਪੈਦਾ ਕਰ ਦਿੱਤਾ ਹੈ ਜੋ ਆਪਣਾ ਆਮਦਨ ਟੈਕਸ ਅਦਾ ਨਹੀਂ ਕਰਦੇ।

ਲਗਾਤਾਰ ਤਿੰਨ ਦਿਨਾਂ ਤੱਕ ਚੱਲੀ ਜਾਂਚ

ਆਮਦਨ ਕਰ ਵਿਭਾਗ ਵੱਲੋਂ ਜਿਊਲਰਾਂ ਦੇ ਕਾਰੋਬਾਰ ਦਾ ਸਰਵੇਖਣ ਤਿੰਨ ਦਿਨਾਂ ਤੱਕ ਜਾਰੀ ਰਿਹਾ, ਜਿਸ ਦੌਰਾਨ ਸਟਾਕ ਵਿਚ ਮਿਸਮੈਚ ਅਤੇ ਰਿਟਰਨ ਸਬੰਧੀ ਮਹੱਤਵਪੂਰਨ ਸਬੂਤ ਮਿਲੇ। ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਵਿਭਾਗ ਨੇ ਜਵੈਲਰਾਂ ਨੂੰ ਅਣ-ਐਲਾਨੀ ਆਮਦਨ ਦਾ ਖ਼ੁਲਾਸਾ ਕਰਨ ਲਈ ਮਨਾ ਲਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਗੁਰੂ ਬਾਜ਼ਾਰ ਵਿਚ ਕੀਤੇ ਗਏ ਸਰਵੇਖਣ ਕਾਫ਼ੀ ਵਿਵਾਦਪੂਰਨ ਰਹੇ ਸਨ, ਕਿਉਂਕਿ ਇਕ ਵਾਰ ਛਾਪੇਮਾਰੀ ਦੌਰਾਨ ਇਕ ਪ੍ਰਮੁੱਖ ਜਵੈਲਰ ਨੇ ਸੋਨੇ ਦੀ ਖੇਪ ਨਾਲ ਛੱਤ ਤੋਂ ਛਾਲ ਮਾਰ ਦਿੱਤੀ ਸੀ। ਹੁਣ ਆਮਦਨ ਕਰ ਵਿਭਾਗ ਨੇ ਇਕ ਵਾਰ ਫਿਰ ਟੈਕਸ ਚੋਰੀ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *