ਲੁਧਿਆਣਾ : ਲੁਧਿਆਣਾ ਦੇ ਪਿੰਡ ਨਾਰੰਗਵਾਲ ਦੀ ਇਕ ਵੀਡੀਓ ਬੀਤੇ ਦਿਨ ਤੋਂ ਕਾਫ਼ੀ ਚਰਚਾ ਵਿਚ ਸੀ, ਜਿਸ ਵਿਚ ਇਕ ਔਰਤ ਸਰਪੰਚ ਨਾਲ ਬਹਿਸ ਰਹੀ ਹੈ। ਇਸ ਦੌਰਾਨ ਇਹ ਔਰਤ ਤਾੜੀ ਮਾਰ ਕੇ ਚੀਕ-ਚੀਕ ਕੇ ਕਹਿੰਦੀ ਹੈ ਕੇ ਉਹ ਨਸ਼ਾ ਵੇਚਦੀ ਹੈ ਤੇ ਵੇਚਦੀ ਰਹੇਗੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫ਼ੈਲ ਰਹੀ ਸੀ। ਰਾਤ ਤਕ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਕ ਪਹੁੰਚ ਗਈ। ਇਸ ਮਗਰੋਂ ਪੁਲਸ ਨੇ ਸਖ਼ਤ ਐਕਸ਼ਨ ਲਿਆ ਹੈ।
ਜਾਣਕਾਰੀ ਮੁਤਾਬਕ ਦੇਰ ਰਾਤ ਪੁਲਸ ਨੇ ਪਿੰਡ ਨਾਰੰਗਵਾਲ ਵਿਚ ਮਹਿਲਾ ਤਸਕਰ ਦੇ ਘਰ ਨੂੰ ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤਾ ਹੈ। ਇਸ ਦੇ ਨਾਲ ਪੁਲਸ ਨੇ ਪਤੀ-ਪਤਨੀ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਪੁਲਸ ਮੁਤਾਬਕ ਇਨ੍ਹਾਂ ਦੇ ਉੱਪਰ ਪਹਿਲਾਂ ਤੋਂ ਹੀ ਤਿੰਨ ਮਾਮਲੇ ਦਰਜ ਹਨ। ਫ਼ਿਲਹਾਲ ਉਨ੍ਹਾਂ ਕੋਲੋਂ ਕਾਫ਼ੀ ਘੱਟ ਮਾਤਰਾ ਵਿਚ ਨਸ਼ਾ ਬਰਾਮਦ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਫ਼ਿਲਹਾਲ ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਹੋਰ ਰਿਕਵਰੀ ਕੀਤੀ ਜਾਵੇਗੀ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਇਸ ਖ਼ਿਲਾਫ਼ ਜੰਗ ਛੇੜੀ ਗਈ ਹੈ। ਇਸ ਤਹਿਤ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਉਨ੍ਹਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਨਾਜਾਇਜ਼ ਪ੍ਰਾਪਟੀਆਂ ਨੂੰ ਵੀ ਬੁਲਡੋਜ਼ਰ ਨਾਲ ਢਹਿ-ਢੇਰੀ ਕੀਤਾ ਜਾ ਰਿਹਾ ਹੈ। ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਨਜ਼ਰਸਾਨੀ ਲਈ ਸਰਕਾਰ ਵੱਲੋਂ 5 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ, ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਤੇ ਤਰੁਣਪ੍ਰੀਤ ਸੋਂਧ ਵੀ ਇਸ ਕਮੇਟੀ ਦਾ ਹਿੱਸਾ ਹਨ।