ਮੁੜ ਚਰਚਾ ‘ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ, ਇਨ੍ਹਾਂ ਅਧਿਕਾਰੀਆਂ ‘ਤੇ ਡਿੱਗੀ ਗਾਜ

ਜਲੰਧਰ–ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸ਼ੁੱਕਰਵਾਰ ਦੇਰ ਰਾਤ ਲਗਭਗ 11.30 ਵਜੇ ਉਦੋਂ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ, ਜਦੋਂ ਆਨ-ਡਿਊਟੀ ਹਸਪਤਾਲ ਵਿਚ ਤਾਇਨਾਤ ਮਹਿਲਾ ਐਮਰਜੈਂਸੀ ਮੈਡੀਕਲ ਆਫਿਸਰ ਨੂੰ ਇਕ ਵਿਅਕਤੀ ਨੇ ਧੱਕਾ ਮਾਰ ਦਿੱਤਾ। ਵਿਵਾਦ ਕਰਦੇ ਹੋਏ ਉਕਤ ਵਿਅਕਤੀ ਵਾਰਡ ਵਿਚ ਹੰਗਾਮਾ ਕਰਦਾ ਰਿਹਾ। ਇਸ ਦੌਰਾਨ ਪੁਲਸ ਗਾਰਦ ਦੇ ਜਵਾਨ ਅਤੇ ਹਸਪਤਾਲ ਵਿਚ ਤਾਇਨਾਤ ਪੈਸਕੋ ਕੰਪਨੀ ਦੇ ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਕੰਟਰੋਲ ਕੀਤਾ ਅਤੇ ਮੌਕੇ ’ਤੇ ਥਾਣਾ ਨੰਬਰ 4 ਦੀ ਪੁਲਸ ਵੀ ਪਹੁੰਚੀ। ਮਹਿਲਾ ਡਾਕਟਰ ’ਤੇ ਹਮਲਾ ਕਰਨ ਤੋਂ ਬਾਅਦ ਹਸਪਤਾਲ ਵਿਚ ਡਾਕਟਰਾਂ ਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਕੁਝ ਸਮੇਂ ਲਈ ਓ. ਪੀ. ਡੀ. ਛੱਡ ਕੇ ਮੈਡੀਕਲ ਸੁਪਰਿੰਟੈਂਡੈਂਟ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

PunjabKesari

ਧਰਨੇ ਵਿਚ ਸ਼ਾਮਲ ਡਾਕਟਰਾਂ ਦਾ ਕਹਿਣਾ ਸੀ ਕਿ ਸਰਕਾਰੀ ਮਹਿਲਾ ਡਾਕਟਰ ’ਤੇ ਹਮਲਾ ਨਹੀਂ ਹੋਣਾ ਚਾਹੀਦਾ ਸੀ। ਇਸ ਗੱਲ ਦੀ ਉਹ ਨਿੰਦਾ ਕਰਦੇ ਹਨ ਅਤੇ ਮੁਲਜ਼ਮ ਧਿਰ ਖ਼ਿਲਾਫ਼ ਪੁਲਸ ਐੱਫ਼. ਆਈ. ਆਰ. ਦਰਜ ਕਰੇ। ਘਟਨਾ ਤੋਂ ਬਾਅਦ ਹਸਪਤਾਲ ਵਿਚ ਡੀ. ਸੀ. ਪੀ. ਨਰੇਸ਼ ਡੋਗਰਾ ਪਹੁੰਚੇ ਅਤੇ ਭਰੋਸਾ ਦੇ ਕੇ ਡਾਕਟਰਾਂ ਨੂੰ ਸ਼ਾਂਤ ਕੀਤਾ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਡਾਕਟਰ ’ਤੇ ਹਮਲਾ ਕਰਨ ਦੀ ਵੀਡੀਓ ਐਮਰਜੈਂਸੀ ਵਾਰਡ ਵਿਚ ਲੱਗੇ ਸੀ. ਸੀ. ਟੀ .ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ ਅਤੇ ਫੁਟੇਜ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਲਗਭਗ 60 ਫ਼ੀਸਦੀ ਝੁਲਸੀ ਹਾਲਤ ਵਿਚ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲਿਆਏ ਸਨ। ਮਹਿਲਾ ਡਾਕਟਰ ਨੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਿਜਾਣ ਨੂੰ ਕਿਹਾ। ਇਸ ਗੱਲ ਨੂੰ ਲੈ ਕੇ ਪਰਿਵਾਰਕ ਮੈਂਬਰ ਭੜਕ ਗਏ ਅਤੇ ਮਾਮਲਾ ਵਿਗੜ ਗਿਆ। ਥਾਣਾ ਨੰਬਰ 4 ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਡਿੱਗੀ ਗਾਜ : ਹਸਪਤਾਲ ਪੁਲਸ ਗਾਰਦ ਦੇ ਜਵਾਨ ਬਦਲੇ
ਬੀਤੀ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਡਾਕਟਰਾਂ ਨੇ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਸ਼ਿਕਾਇਤ ਕੀਤੀ ਕਿ ਹਸਪਤਾਲ ਵਿਚੋਂ ਪੁਲਸ ਦੇ ਜਵਾਨਾਂ ਨੂੰ ਬਦਲਿਆ ਜਾਵੇ ਕਿਉਂਕਿ ਬੀਤੇ ਦਿਨੀਂ ਵੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਡਾਕਟਰ ’ਤੇ ਹਮਲਾ ਕੀਤਾ ਅਤੇ ਬਹੁਤ ਜ਼ਿਆਦਾ ਹੰਗਾਮਾ ਹੋਇਆ। ਡੀ. ਸੀ. ਪੀ. ਨੇ ਤੁਰੰਤ ਐਕਸ਼ਨ ਲੈਂਦਿਆਂ ਹਸਪਤਾਲ ਦੀ ਪੁਲਸ ਗਾਰਦ ਵਿਚ ਤਾਇਨਾਤ 3 ਮੁਲਾਜ਼ਮਾਂ ਨੂੰ ਬਦਲ ਕੇ ਦੂਜੀ ਥਾਂ ’ਤੇ ਉਨ੍ਹਾਂ ਦੀ ਡਿਊਟੀ ਲਾ ਦਿੱਤੀ। ਹੁਣ ਹਸਪਤਾਲ ਵਿਚ ਏ. ਐੱਸ. ਆਈ. ਅਮੀਰ ਚੰਦਰ ਦੇ ਨਾਲ ਐੱਚ. ਸੀ. ਸੁਰਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਕਿਰਨ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ। ਏ. ਐੱਸ. ਆਈ. ਅਮੀਰ ਚੰਦਰ ਨੇ ਕਿਹਾ ਕਿ ਹਸਪਤਾਲ ਵਿਚ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਸਹਿਣ ਨਹੀਂ ਕੀਤੀ ਜਾਵੇਗੀ। ਅਜਿਹੇ ਲੋਕਾਂ ਖ਼ਿਲਾਫ਼ ਪੁਲਸ ਸਖ਼ਤ ਕਾਰਵਾਈ ਕਰੇਗੀ।

By Gurpreet Singh

Leave a Reply

Your email address will not be published. Required fields are marked *