ਪੰਜਾਬ ਦੇ ਇਨ੍ਹਾਂ ਇਲਾਕਿਆਂ ਲਈ ਅਲਰਟ; ਅੱਜ ਸ਼ਾਮ ਪਹੁੰਚ ਸਕਦੈ ਸੁਖਨਾ ਲੇਕ ਵਿਚੋਂ ਛੱਡਿਆ ਪਾਣੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਸੈਂਕੜੇ ਪਿੰਡਾਂ ’ਚ ਹਾਲੇ ਵੀ ਲੋਕ ਫਸੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਹੁਣ ਤੱਕ ਕਰੀਬ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਉਧਰ ਘੱਗਰ ’ਚ ਇਕਦਮ ਪਾਣੀ ਦਾ ਪੱਧਰ ਵਧਣ ਮਗਰੋਂ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਸੁਖਨਾ ਲੇਕ ਵਿਚੋਂ ਛੱਡਿਆ ਪਾਣੀ ਅੱਜ ਸ਼ਾਮ ਘੱਗਰ ਦਰਿਆ ਰਾਹੀਂ ਪਟਿਆਲਾ-ਸੰਗਰੂਰ ਪਹੁੰਚ ਸਕਦਾ ਹੈ। ਇਸ ਲਈ ਦਰਿਆ ਨੇੜਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪਾਣੀ ਦਾ ਪੱਧਰ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ। ਸੰਗਰੂਰ ਦੇ ਮੂਨਕ, ਖਨੌਰੀ ਵਿਚ ਹਾਲਤ ਵਿਗੜ ਸਕਦੇ ਹਨ। ਇਸ ਤੋਂ ਇਲਾਵਾ ਪਟਿਆਲਾ ਦੇ ਕਈ ਪਿੰਡਾਂ ਲਈ ਵੀ ਖਤਰਾ ਬਣਿਆ ਹੋਇਆ ਹੈ।

ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿਚ ਪਾਣੀ ਮੁੜ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ। ਪਾਣੀ ਦਾ ਪੱਧਰ ਵਧਦੇ ਦੇਖ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਦੂਜੀ ਵਾਰ ਦੇਰ ਰਾਤ 12 ਵਜੇ ਦੇ ਕਰੀਬ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇੱਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ ਹੈ। ਇਸ ਗੇਟ ਕਰੀਬ 10 ਘੰਟੇ ਬਾਅਦ ਤੱਕ ਵੀ ਖੁੱਲ੍ਹਾ ਸੀ।

ਮੋਸਮ ਵਿਭਾਗ ਵੱਲੋਂ ਆਉਂਦੇ ਤਿੰਨ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਨਜਿੱਠਣ ਲਈ ਡੈਮਾਂ ’ਚ ਨਵੇਂ ਪਾਣੀ ਲਈ ਥਾਂ ਬਣਾਉਣ ਖ਼ਾਤਰ ਡੈਮਾਂ ਵਿਚੋਂ ਪਾਣੀ ਛੱਡਣਾ ਘਟਾਇਆ ਨਹੀਂ ਗਿਆ ਹੈ। ਇਸੇ ਦੌਰਾਨ ਘੱਗਰ ਦਰਿਆ ਵਿਚ ਇਕਦਮ ਪਾਣੀ ਦੇ ਤੇਜ਼ ਵਹਾਅ ਨੇ ਮਾਲਵਾ ਖ਼ਿੱਤੇ ਵਿਚ ਤਬਾਹੀ ਦੇ ਸੰਕੇਤ ਦੇ ਦਿੱਤੇ ਹਨ, ਜਿਸ ਮਗਰੋਂ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਨੂੰ ਅਲਰਟ ਉਤੇ ਕਰ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *