ਗੁਰਪ੍ਰੀਤ ਸਿੰਘ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ‘ਬਦਲਾਅ ਰੈਲੀ’ ਨੂੰ ਸੰਬੋਧਨ ਕਰਨ ਜਾ ਰਹੇ ਹਨ। ਰੈਲੀ ਵਾਲੀ ਥਾਂ ਪਹੁੰਚਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਇੱਕ ਤਿੱਖਾ ਟਵੀਟ ਕਰਕੇ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ‘ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਸੂਬੇ ਵਿੱਚ ਸਿਆਸੀ ਤਬਦੀਲੀ ਦਾ ਬਿਗੁਲ ਵਜਾ ਦਿੱਤਾ ਹੈ।
ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ, ਪੰਜਾਬ ਦਾ ਹਰ ਵਿਅਕਤੀ ਬਦਲਾਅ ਚਾਹੁੰਦਾ ਹੈ। ਕਿਉਂਕਿ ਜਵਾਨਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਲਈ ਪ੍ਰਸਿੱਧ ਪੰਜਾਬ ਦੀ ਪਵਿੱਤਰ ਧਰਤੀ ਨੂੰ ਆਪ-ਦਾ ਸਰਕਾਰ ਨੇ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਅਪਰਾਧ ਵਿੱਚ ਡੋਬ ਦਿੱਤਾ ਹੈ। ਰਿਮੋਟ ਕੰਟਰੋਲ ਵਾਲੀ ਇਸ ਆਪ-ਦਾ ਸਰਕਾਰ ਵਿੱਚ ਪੰਜਾਬ ਵਿੱਚੋਂ ਕਾਨੂੰਨ ਵਿਵਸਥਾ ਅਤੇ ਵਿਕਾਸ ਗਾਇਬ ਹੈ। ਅੱਜ ਮੋਗਾ ਵਿੱਚ ਭਾਜਪਾ ਦੀ ‘ਬਦਲਾਅ ਰੈਲੀ’ ਵਿੱਚ ਪੰਜਾਬ ਦੇ ਭੈਣਾਂ-ਭਰਾਵਾਂ ਨਾਲ ਸੰਵਾਦ ਕਰਨ ਲਈ ਬਹੁਤ ਉਤਸੁਕ ਹਾਂ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਮੌਜੂਦਾ ਸਰਕਾਰ ‘ਰਿਮੋਟ ਕੰਟਰੋਲ’ ਨਾਲ ਚੱਲ ਰਹੀ ਹੈ, ਜਿਸ ਕਾਰਨ ਸੂਬੇ ਵਿੱਚੋਂ ਕਾਨੂੰਨ ਵਿਵਸਥਾ ਅਤੇ ਵਿਕਾਸ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਹਰ ਵਿਅਕਤੀ ਹੁਣ ਇਸ ਨਿਜ਼ਾਮ ਤੋਂ ਬਦਲਾਅ ਚਾਹੁੰਦਾ ਹੈ ਅਤੇ ਉਹ ਅੱਜ ਮੋਗਾ ਵਿੱਚ ਭੈਣਾਂ-ਭਰਾਵਾਂ ਨਾਲ ਸੰਵਾਦ ਕਰਨ ਲਈ ਬਹੁਤ ਉਤਸੁਕ ਹਨ।
2027 ਦੀਆਂ ਚੋਣਾਂ ਦਾ ਆਗਾਜ਼
ਸਿਆਸੀ ਮਾਹਿਰਾਂ ਅਨੁਸਾਰ ਅਮਿਤ ਸ਼ਾਹ ਦੀ ਇਹ ਰੈਲੀ ਮਹਿਜ਼ ਇੱਕ ਇਕੱਠ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਰਸਮੀ ਮੁਹਿੰਮ ਦੀ ਸ਼ੁਰੂਆਤ ਹੈ। ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਤਾਕਤ ਵਜੋਂ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਮੀਦ ਹੈ ਕਿ ਰੈਲੀ ਦੌਰਾਨ ਸ਼ਾਹ ਨਸ਼ਾ, ਸਰਹੱਦੀ ਸੁਰੱਖਿਆ ਅਤੇ ਸੂਬੇ ਦੀ ਮਾੜੀ ਆਰਥਿਕ ਹਾਲਤ (ਨੀਤੀ ਆਯੋਗ ਦੀ ਰਿਪੋਰਟ ਦੇ ਹਵਾਲੇ ਨਾਲ) ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਗੇ।
ਗ੍ਰਹਿ ਮੰਤਰੀ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਮੋਗਾ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਭਾਜਪਾ ਦੇ ਸੂਬਾਈ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅੱਜ ਦਾ ਇਕੱਠ ਪੰਜਾਬ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਲਿਖੇਗਾ।
