ਅਜਨਾਲਾ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ‘ਜਥੇਬੰਦੀ ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਅਤੇ ਸਭ ਤੋਂ ਨੇੜਲੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਦੀ ਕਾਰਵਾਈ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਸਿੰਘ ਕੋਲੋਂ ਦੋ ਰਾਈਫਲ ਰਿਕਵਰ ਕੀਤੀਆਂ ਗਈਆਂ ਹਨ।
ਜਿਨ੍ਹਾਂ ਦੀ ਜਾਣਕਾਰੀ ਮਾਨਯੋਗ ਅਦਾਲਤ ਨੂੰ ਲਿਖਤੀ ਰੂਪ ਵਿੱਚ ਪੇਸ਼ ਕੀਤੀ ਗਈ ਹੈ ਅਤੇ ਮਾਣਯੋਗ ਅਜਨਾਲਾ ਅਦਾਲਤ ਨੇ ਮੁਲਜ਼ਮ ਵਰਿੰਦਰ ਸਿੰਘ ਨੂੰ ਮੁੜ 14 ਦਿਨ ਦੀ ਜੁਡੀਸ਼ਅਲ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਹਨਾਂ ਦੱਸਿਆ ਹੁਣ 18 ਅਪ੍ਰੈਲ ਨੂੰ ਮੁੜ ਵਰਿੰਦਰ ਸਿੰਘ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਮੁਲਜ਼ਮ ਦੇ ਵਕੀਲ ਰੀਤੂ ਰਾਜ ਨੇ ਦੱਸਿਆ ਕਿ ਅਜਨਾਲਾ ਪੁਲਸ ਨੇ ਰਿਕਵਰ ਕੀਤੀ ਹੋਈ ਕੋਈ ਵੀ ਵਸਤੂ ਸਾਹਮਣੇ ਪੇਸ਼ ਨਹੀਂ ਕੀਤੀ।