ਅੰਮ੍ਰਿਤਸਰ: ਪਰਾਲੀ ਸਾੜਨ ‘ਤੇ ਨਿਗਰਾਨੀ ਤੇ ਮਸ਼ੀਨਰੀ ਉਪਲਬਧ, ਕਿਸਾਨ ਸਹਾਇਤਾ ਕੇਂਦਰ ਖੋਲ੍ਹੇ ਗਏ

ਨੈਸ਼ਨਲ ਟਾਈਮਜ਼ ਬਿਊਰੋ :- ਝੋਨੇ ਦੀ ਫਸਲ ਦੀ ਕਟਾਈ ਦੇ ਸ਼ੁਰੂਆਤੀ ਦੌਰ ’ਚ ਹੀ ਇਕ ਵਾਰ ਫਿਰ ਤੋਂ ਜ਼ਿਲ੍ਹਾ ਅੰਮ੍ਰਿਤਸਰ ਪਰਾਲੀ ਸਾੜਨ ਦੇ ਮਾਮਲੇ ’ਚ ਪਿਛਲੇ ਸਾਲਾਂ ਵਾਂਗ ਪੰਜਾਬ ’ਚ ਨੰਬਰ 1 ਵੱਲ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਸੈਟੇਲਾਈਟ ਰਾਹੀਂ 46 ਥਾਵਾਂ ’ਤੇ ਪਰਾਲੀ ਸਾੜਨ ਦੀ ਰਿਪੋਰਟ ਭੇਜੀ ਗਈ, ਜਿਸ ਵਿਚ ਵੱਖ ਵੱਖ ਅਧਿਕਾਰੀਆਂ ਵੱਲੋਂ 45 ਥਾਵਾਂ ’ਤੇ ਮੌਕਾ ਦੇਖਿਆ ਗਿਆ ਤੇ 22 ਥਾਂਵਾਂ ’ਤੇ ਪਰਾਲੀ ਸੜਦੀ ਹੋਈ ਪਾਈ ਗਈ। ਵਿਭਾਗ ਵੱਲੋਂ ਈ. ਸੀ. ਐਕਟ ਤਹਿਤ ਨਾ ਸਿਰਫ 1.10 ਲੱਖ ਰੁਪਏ ਜੁਰਮਾਨਾ ਕਿਸਾਨਾਂ ਨੂੰ ਕੀਤਾ ਗਿਆ, ਸਗੋਂ 22 ’ਤੇ ਪਰਚਾ ਵੀ ਦਰਜ ਕੀਤਾ ਗਿਆ। ਇੰਨਾ ਹੀ ਨਹੀਂ ਸਬੰਧਤ 22 ਕਿਸਾਨਾਂ ਦੀ ਜ਼ਮੀਨਾਂ ਦੀ ਰੈੱਡ ਐਂਟਰੀ ਵੀ ਕੀਤੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਾਲੀ ਨੂੰ ਸਾੜਨ ’ਤੇ ਪਾਬੰਦੀ ਲਾਈ ਗਈ ਸੀ ਅਤੇ ਇਹ ਹੁਕਮ 15 ਸਤੰਬਰ ਤੋਂ ਲੈ ਕੇ 14 ਨਵੰਬਰ ਤੱਕ ਲਾਗੂ ਹੈ। ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਪੀ.ਸੀ.ਬੀ. , ਮੰਡੀ ਬੋਰਡ, ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਇਕ ਕਾਲ ਸੈਂਟਰ ਵੀ ਬਣਾਇਆ ਗਿਆ ਅਤੇ 9 ਬਲਾਕਾਂ ਲਈ ਵੱਖ-ਵੱਖ ਨੋਡਲ ਅਫਸਰ ਮਸ਼ੀਨਰੀ ਲਈ ਤਾਇਨਾਤ ਕੀਤੇ ਗਏ ਹਨ।

ਕਿਸਾਨਾਂ ਦਾ ਦੋਸ਼ : ਮਸ਼ੀਨਰੀ ਨਹੀਂ, ਪ੍ਰਸ਼ਾਸਨ ਦਾ ਦਾਅਵਾ : ਪੂਰੀ ਮਸ਼ੀਨਰੀ ਉਪਲਬੱਧ

ਪਰਾਲੀ ਪ੍ਰਬੰਧਨ ਦੇ ਮਾਮਲੇ ’ਚ ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਮਸ਼ੀਨਰੀ ਉਪਲਬੱਧ ਨਹੀਂ ਹੈ, ਜਿਸ ਕਾਰਨ ਕਿਸਾਨ ਪਰਾਲੀ ਸਾੜਨ ਨੂੰ ਮਜ਼ਬੂਰ ਹਨ। ਉਥੇ ਦੂਜੇ ਪਾਸੇ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਲਈ 72 ਬੇਲਰ ਅਤੇ ਪਰਾਲੀ ਨੂੰ ਇਕੱਠਾ ਕਰਨ ਲਈ 62 ਰੈਕ ਮੌਜੂਦ ਹਨ। ਖੇਤ ਵਿਚ ਪਰਾਲੀ ਨੂੰ ਮਿਲਾਉਣ ਲਈ ਅਤੇ ਪਰਾਲੀ ਦੇ ਨਾਲ ਕਣਕ ਦੀ ਬੀਜਾਈ ਕਰਨ ਲਈ 4290 ਇਨ ਸੀਟੂ ਮਸ਼ੀਨਾਂ ਹਨ, ਜਿਨ੍ਹਾਂ ਵਿਚ 2730 ਸੁਪਰਸੀਡਰ , 671 ਜ਼ੀਰੀ ਟਿੱਲ ਡਰਿੱਲ, 5 ਸਮਾਰਟ ਸੀਟਰ, 119 ਹੈਪੀ ਸੀਡਰ, 41 ਸਰਫੇਸ ਸੀਡਰ, 124 ਪਲਟਾਵੇ ਹੱਲ, 106 ਮਲਚਰ ਅਤੇ 236 ਪੈਡੀ ਸਟਰਾਅ ਚੌਪਰ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਹੀ 0183-2220159 ਹੈਲਪਲਾਈਨ ਨੰਬਰ ਵੀ ਬਣਾਇਆ ਗਿਆ ਹੈ, ਜਿੱਥੋਂ ਕਿਸਾਨ ਮਸ਼ੀਨਰੀ ਲਈ ਮਦਦ ਲੈ ਸਕਦੇ ਹਨ।

ਮੰਡੀਆਂ ’ਚ ਵੀ ਖੋਲ੍ਹੇ ਕਿਸਾਨ ਸਹਾਇਤਾ ਕੇਂਦਰ

ਪ੍ਰਸ਼ਾਸਨ ਵੱਲੋਂ ਬਲਾਕ ਪੱਧਰ ਤੋਂ ਇਲਾਵਾ ਜ਼ਿਲੇ ਦੀਆਂ ਸਾਰੀਆਂ ਅਨਾਜ ਮੰਡੀਆਂ ’ਚ ਵੀ ਕਿਸਾਨ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ ਤਾਂ ਕਿ ਕਿਸਾਨ ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਤੋਂ ਮਦਦ ਲੈ ਸਕਣ। ਇਸ ਤੋਂ ਇਲਾਵਾ ਜੋ ਕਿਸਾਨ ਪਰਾਲੀ ਨਹੀਂ ਸਾੜਦੇ ਹਨ, ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਸਰਕਾਰੀ ਵਿਭਾਗਾਂ ’ਚ ਪਹਿਲ ਦੇ ਆਧਾਰ ’ਤੇ ਸਰਕਾਰੀ ਕੰਮ ਕਰਵਾਉਣ ਆਦਿ ਦਾ ਵੀ ਪਹਿਲ ਦਿੱਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *