ਯੁੱਧ ਨਸ਼ਿਆਂ ਵਿਰੁੱਧ ਤੇ ਖਾਣ ਪੀਣ ਵਾਲੀ ਗੈਰ ਮਿਆਰੀ ਮਿਲਾਵਟੀ ਸਮਗਰੀ ਵਿਰੁੱਧ 6 ਮਈ ਨੂੰ ਲਾਲੜੂ ਮੰਡੀ ਵਿੱਚ ਜਾਗਰੂਕਤਾ ਰੈਲੀ ਕੱਢੀ ਜਾਵੇਗੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਚਲਾਈ ਗਈ “ਯੁੱਧ ,ਨਸ਼ਿਆਂ ਵਿਰੁੱਧ “ਮੁਹਿੰਮ ਦੇ ਚਲਦੇ ਲਾਲੜੂ ਇਲਾਕੇ ਦੇ ਦਰਜਨਾ ਸਮਾਜ ਸੇਵੀ ਆਗੂ ਆਪਣੇ ਮੈਂਬਰਾਂ ,ਸਮਰਥਕਾਂ , ਕਲੱਬਾਂ ਅਤੇ ਹੋਰ ਸੰਸਥਾਵਾਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਨੇ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਇੱਕ ਜਾਗਰੂਕਤਾ ਰੈਲੀ ਕੱਢਣਗੇ , ਇਹ ਜਾਗਰੂਕਤਾ ਰੈਲੀ ਸਮਤਾ ਪਬਲਿਕ ਸਕੂਲ ਅਤੇ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚ 6 ਮਈ ਨੂੰ ਸਵੇਰੇ 8.00 ਵਜੇ ਤੋਂ ਲੈ ਕੇ 9.30 ਵਜੇ ਤੱਕ ਕੱਢੀ ਜਾਵੇਗੀ। ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਅਤੇ ਮਿਲਾਵਟੀ ਤੇ ਗੈਰ- ਮਿਆਰੀ ਖਾਣ ਪੀਣ ਵਾਲੀ ਸਮਗਰੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਇਸ ਜਾਗਰੂਕਤਾ ਰੈਲੀ ਨੂੰ ਐਸਡੀਐਮ ਡੇਰਾਬਸੀ ਅਮਿਤ ਗੁਪਤਾ , ਡੀਐਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਅਤੇ ਸਾਬਕਾ ਸਿਵਲ ਸਰਜਨ ਡਾ: ਦਲੇਰ ਸਿੰਘ ਮੁਲਤਾਨੀ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ।
ਜਾਗਰੂਕਤਾ ਰੈਲੀ ਦੀ ਤਿਆਰੀਆਂ ਸਬੰਧੀ ਅੱਜ ਇਕ ਮੀਟਿੰਗ ਲਾਲੜੂ ਮੰਡੀ ਵਿਖੇ ਹੋਈ , ਜਿਸ ਵਿੱਚ ਵਿਸ਼ੇਸ਼ ਤੌਰ ਪ੍ਰਧਾਨ , ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲਾ ਮੁਹਾਲੀ ਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੱਟੀ , ਕਿਸਾਨ ਆਗੂ ਗੁਰਚਰਨ ਸਿੰਘ ਜੌਲਾ, ਕੁਲਵਿੰਦਰ ਸਿੰਘ ਆਗਾਂਪੁਰ , ਗੁਰਵਿੰਦਰ ਸਿੰਘ ਚਾਂਦਹੇੜੀ ਮੁਲਾਜ਼ਮ ਆਗੂ ਮਹਿੰਦਰ ਸਿੰਘ ਸੈਣੀ , ਹਰਵਿੰਦਰ ਸਿੰਘ ਝਰਮੜੀ,
ਪੱਤਰਕਾਰ ਭੁਪਿੰਦਰ ਸਿੰਘ ਜੰਡਲੀ, ਗਿਆਨੀ ਮਹਿੰਦਰ ਸਿੰਘ ਲਾਲੜੂ ਮੰਡੀ , ਸਰਪੰਚ ਸੁਰੇਸ਼ ਸਿੰਘ ਬੈਰਮਾਜਰਾ , ਜਗਤਾਰ ਸਿੰਘ ਜੱਗੀ ਸਮੇਤ ਅਨੇਕਾਂ ਆਗੂ ਮੌਜੂਦ ਰਹੇ। ਜਿਨਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਨਸ਼ਿਆਂ ਵਿਰੁੱਧ ਅਤੇ ਖਾਣ ਪੀਣ ਦੀ ਮਿਲਾਵਟੀ ਸਮਗਰੀ ਵਿਰੁੱਧ ਚਲਾਈ ਗਈ , ਇਸ ਮੁਹਿੰਮ ਵਿੱਚ ਉਹ ਵੱਧ ਚੜ ਕੇ ਭਾਗ ਲੈਣਗੇ ਅਤੇ ਆਪਣੇ ਨਾਲ ਸੈਂਕੜੇ ਹੋਰ ਸਮਰਥਕਾਂ ਨੂੰ ਨਾਲ ਲੈ ਕੇ ਲਾਲੜੂ ਮੰਡੀ ਦੇ ਬਾਜ਼ਾਰਾਂ ਵਿੱਚ ਘੁੰਮ ਕੇ ਲੋਕਾਂ ਨੂੰ ਜਾਗਰੂਕ ਕਰਨਗੇ । ਇਸ ਮੁਹਿੰਮ ਵਿੱਚ ਸਮਤਾ ਪਬਲਿਕ ਸਕੂਲ , ਲਾਲੜੂ ਮੰਡੀ ਦੇ ਸੈਂਕੜੇ ਵਿਦਿਆਰਥੀ , ਸਟਾਫ ਮੈਂਬਰ, ਪੁਲੀਸ ਮੁਲਾਜ਼ਮ, ਕਿਸਾਨ, ਮਜ਼ਦੂਰ , ਦੁਕਾਨਦਾਰ , ਵਪਾਰੀ, ਪੱਤਰਕਾਰ ਅਤੇ ਹੋਰ ਮੁਲਾਜ਼ਮ ਵੀ ਪੂਰੀ ਤਨਦੇਹੀ ਨਾਲ ਭਾਗ ਲੈਣਗੇ। ਉਕਤ ਆਗੂਆਂ ਨੇ ਕਿਹਾ ਕਿ ਇਲਾਕੇ ਦੀ ਸਾਰੀ ਸਮਾਜ ਸੇਵੀ ,ਧਾਰਮਿਕ , ਮੁਲਾਜ਼ਮ ਅਤੇ ਹੋਰ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਨਸ਼ਿਆਂ ਅਤੇ ਮਿਲਾਵਟੀ ਖਾਣ ਪੀਣ ਵਾਲੀ ਸਮਗਰੀ ਵਿਰੁੱਧ ਕੱਢੀ ਜਾ ਰਹੀ ਜਾਗਰੂਕਤਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਇਆ ਜਾ ਸਕੇ ਅਤੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਸਿਹਤ ਮੰਦ ਸਮਾਜ ਦਾ ਹਿੱਸਾ ਬਣਾ ਸਕੀਏ।

By Gurpreet Singh

Leave a Reply

Your email address will not be published. Required fields are marked *