ਖਮਾਣੋ – ਅੱਜ ਦੁਪਹਿਰ 2 ਵਜੇ ਦੇ ਕਰੀਬ ਕਾਂਗਰਸ ਦੇ ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਦੇ ਖਾਸਮਖਾਸ ਦੋਸਤ ਜ਼ੋਰਦਾਰ ਸੜਕ ਹਾਦਸੇ ‘ਚ ਵਾਲ-ਵਾਲ ਬਚ ਗਏ। ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਦੇ ਦੋਸਤ ਉਨ੍ਹਾਂ ਦੀਆਂ ਦੋ ਨਿੱਜੀ ਇਨੋਵਾ ਗੱਡੀਆਂ ‘ਚ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੇ ਸਨ ਜਿਵੇਂ ਹੀ ਉਹ ਰਾਜੇ ਢਾਬੇ ਤੋਂ ਲੰਚ ਕਰਨ ਉਪਰੰਤ ਪਿੰਡ ਜਟਾਣਾ ਊਚਾ ਦੇ ਉਸਾਰੀ ਅਧੀਨ ਓਵਰ ਬ੍ਰਿਜ ਨੇੜੇ ਪਹੁੰਚੇ ਤਾਂ ਗਲਤ ਢੰਗ ਨਾਲ ਸਪੀਡ ਬਰੇਕਰ ਲੱਗੇ ਹੋਣ ਕਾਰਨ ਉਨ੍ਹਾਂ ਦੀ ਗੱਡੀ ਦੇ ਅੱਗੇ ਜਾ ਰਹੀ ਇੱਕ ਮਹਿਲਾ ਕਾਰ ਚਾਲਕ ਨੇ ਇਕਦਮ ਬ੍ਰੇਕ ਮਾਰ ਦਿੱਤੀ।
ਉਸ ਮਹਿਲਾ ਕਾਰ ਚਾਲਕ ਦੇ ਪਿੱਛੇ ਇੱਕ ਹੋਰ ਕਾਰ ਚਾਲਕ ਨੇ ਇਕਦਮ ਬਰੇਕ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਤੇਜ਼ ਰਫਤਾਰ ਜਾ ਰਹੀਆਂ ਸਾਬਕਾ ਵਿਧਾਇਕ ਇੰਦਰਵੀਰ ਸਿੰਘ ਬੁਲਾਰੀਆ ਦੀਆਂ ਨਿੱਜੀ ਗੱਡੀਆਂ ਜਿਸ ਵਿੱਚ ਉਨ੍ਹਾਂ ਦੇ ਦੋਸਤ ਬੈਠੇ ਸਨ, ਦੇ ਪਿੱਛੇ ਜਾ ਰਹੀ ਇਨੋਵਾ ਗੱਡੀ ਅਗਲੀ ਗੱਡੀ ਨਾਲ ਜ਼ੋਰਦਾਰ ਟਕਰਾ ਗਈ।
ਇਸ ਉਪਰੰਤ ਇੰਦਰਵੀਰ ਸਿੰਘ ਬੁਲਾਰੀਆ ਦੀਆਂ ਗੱਡੀਆਂ ਹਾਦਸਾ ਗ੍ਰਸਤ ਹੋ ਗਈਆਂ ਅਤੇ ਪੀ. ਬੀ – 46 ਏ.ਸੀ 1136 ਉਨ੍ਹਾਂ ਦੀ ਨਿੱਜੀ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਇਨੋਵਾ ਗੱਡੀ ‘ਚ ਬੈਠੇ ਤਿੰਨ ਸੁਰੱਖਿਆ ਮੁਲਾਜ਼ਮ ਗੱਡੀ ਦੇ ਸਾਰੇ ਏਅਰ ਬੈਗ ਖੁੱਲ੍ਹ ਜਾਣ ਕਰਕੇ ਵਾਲ-ਵਾਲ ਬਚ ਗਏ। ਇਸ ਉਪਰੰਤ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਕਾਫੀ ਮਸ਼ੱਕਤ ਬਾਅਦ ਨੈਸ਼ਨਲ ਹਾਈਵੇ ਦੀ ਟੀਮ ਨੇ ਗੱਡੀ ਨੂੰ ਸੜਕ ਵਿਚਕਾਰ ਤੋਂ ਸਾਈਡ ‘ਤੇ ਕੀਤਾ ਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਕੀਤਾ।