ਨੈਸ਼ਨਲ ਟਾਈਮਜ਼ ਬਿਊਰੋ :- ਜਗਰਾਓਂ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਦਾ ਮਾਮਲਾ ਅਜੇ ਸੁਲਝਿਆ ਨਹੀਂ ਕਿ ਅੱਜ ਖੰਨਾ ਵਿਖੇ ਇੱਕ ਹੋਰ ਕਬੱਡੀ ਖਿਡਾਰੀ ਦੇ ਕਤਲ ਦੀ ਵਰਾਦਾਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਮਾਮਲਾ ਬੀਤੀ ਰਾਤ ਦਾ ਹੈ ਜਦੋਂ ਆਪਣੇ ਦੋਸਤਾਂ ਨਾਲ ਬੈਠੇ ਨੌਜਵਾਨ ਕਬੱਡੀ ਖਿਡਾਰੀ 23 ਸਾਲਾ ਗੁਰਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਨਿਵਾਸੀ ਮਾਣਕੀ ਨੂੰ ਰਾਹ ਜਾਂਦਿਆਂ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਹਮਲੇ ਦੌਰਾਨ ਮ੍ਰਿਤਕ ਗੁਰਵਿੰਦਰ ਦੇ ਦੋਸਤ ਦੇ ਵੀ ਗੋਲੀ ਲੱਗੀ ਅਤੇ ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਮੈਡੀਕਲ ਸਟੋਰ ਦੇ ਬਾਹਰ ਬੈਠੇ ਸਨ ਦੋਸਤ
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿੱਚ ਐਤਵਾਰ ਰਾਤ ਲਗਭਗ 9:30 ਵਜੇ ਇਹ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂੰਹ ਢੱਕੇ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦਕਿ ਇੱਕ ਨੌਜਵਾਨ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਸਫਲ ਰਿਹਾ।
ਘਟਨਾ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜ਼ਖਮੀ ਦੋਵੇਂ ਨੌਜਵਾਨਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਚੰਡੀਗੜ੍ਹ ਪੀਜੀਆਈ ਭੇਜ ਦਿੱਤਾ। ਉੱਥੇ ਇਲਾਜ ਦੌਰਾਨ 23 ਸਾਲਾ ਗੁਰਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਨਿਵਾਸੀ ਮਾਣਕੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਧਰਮਵੀਰ ਸਿੰਘ ਪੁੱਤਰ ਜਰਨੈਲ ਸਿੰਘ ਦਾ ਇਲਾਜ ਜਾਰੀ ਹੈ। ਉਥੇ ਹੀ ਹਮਲੇ ‘ਚ ਬਚੇ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਲੱਭੂ ਵਜੋਂ ਹੋਈ ਹੈ।
‘ਕਿਸੇ ਹੋਰ ਦੀ ਰੰਜਿਸ਼ ‘ਚ ਗਈ ਜਾਨ’
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ’ਕਿਸੇ ਹੋਰ ਮੁੰਡੇ ਦੀ ਰੰਜਿਸ਼ ਸੀ ਪਰ ਜਾਨ ਸਾਡੇ ਮੁੰਡੇ ਦੀ ਚਲੀ ਗਈ, ਮੇਰਾ ਮੂੰਡਾ ਰੋਜ਼ਾਨਾ ਵਾਂਗ ਹੀ ਆਪਣੇ ਦੋਸਤਾਂ ਨਾਲ ਬੈਠਾ ਸੀ ਕਿ ਅਚਾਨਕ ਮੁੰਹ ਬੰਨ੍ਹ ਕੇ ਆਏ ਬਦਾਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ, ਮੇਰੇ ਪੁੱਤ ਗੁਰਵਿੰਦਰ ਦੇ ਢਿੱਡ ‘ਚ ਗੋਲੀਆਂ ਲੱਗੀਆਂ ਅਤੇ ਦੂਜੇ ਨੌਜਵਾਨ ਦੀ ਲੱਤ ‘ਤੇ ਗੋਲੀ ਵੱਜੀ ਅਤੇ ਇੱਕ ਨੌਜਵਾਨ ਦਾ ਬਚਾਅ ਹੋ ਗਿਆ। ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਜਲਦੀ ਫੜ੍ਹੇ ਜਾਣ, ਸਾਡੀ ਕੋਈ ਦੁਸ਼ਮਣੀ ਨਹੀਂ ਸੀ ਸਾਡੇ ਨਾਲ ਨਜਾਇਜ਼ ਹੋਈ ਹੈ’।
ਬਦਮਾਸ਼ ਬਿਨਾਂ ਗੱਲ ਤੋਂ ਚਲਾ ਗਏ ਗੋਲੀਆਂ
ਪਿੰਡ ਵਾਸੀਆਂ ਅਨੁਸਾਰ ‘ਤਿੰਨੋਂ ਨੌਜਵਾਨ ਰੋਜ਼ਾਨਾ ਵਾਂਗ ਮੈਡੀਕਲ ਸਟੋਰ ਦੇ ਨੇੜੇ ਬੈਠ ਕੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਹਮਲਾਵਰ ਆਏ ਅਤੇ ਬਿਨਾਂ ਕੁਝ ਕਹੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਗੋਲੀਬਾਰੀ ਕਰਦੇ ਹੀ ਮੌਕੇ ਤੋਂ ਫਰਾਰ ਹੋ ਗਏ। ਨੌਜਵਾਨ ਬਹੁਤ ਸਾਊ ਸੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਹ ਤਾਂ ਗੁਰੂ ਪੁਰਬ ਮੌਕੇ ਹੋ ਰਹੇ ਸਮਾਗਮਾਂ ‘ਚ ਸੇਵਾ ਕਰ ਰਿਹਾ ਸੀ, ਨਗਰ ਕੀਰਤਨ ਦੀਆਂ ਤਿਆਰੀਆਂ ਕਰਵਾ ਕੇ ਗਿਆ ਸੀ। ਜਿਸ ਨੇ ਵੀ ਉਸ ਦਾ ਕਤਲ ਕੀਤਾ ਹੈ ਉਸ ਨੂੰ ਕਾਬੂ ਕਰਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।’
ਪੁਲਿਸ ਨੇ ਜਾਂਚ ਲਈ ਬਣਾਈ ਵਿਸ਼ੇਸ਼ ਟੀਮ
ਘਟਨਾ ਦੀ ਸੂਚਨਾ ਮਿਲਦੇ ਹੀ ਸਮਰਾਲਾ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਡੀ) ਖੰਨਾ ਪਵਨਜੀਤ ਨੇ ਦੱਸਿਆ ਕਿ ‘ਤਿੰਨ ਨੌਜਵਾਨ ਪਿੰਡ ਦੀ ਪੁੱਲ ਉੱਪਰ ਖੜ੍ਹੇ ਗੱਲਾਂ ਕਰ ਰਹੇ ਸਨ, ਜਦ ਚਾਰ ਅਣਪਛਾਤੇ ਲੋਕ ਮੂੰਹ ਢੱਕੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਦੋ ਨੌਜਵਾਨਾਂ ਨੂੰ ਢਿੱਡ ਵਿੱਚ ਗੋਲੀ ਲੱਗੀ ‘ਤੇ ਇੱਕ ਨੌਜਵਾਨ ਬਚ ਗਿਆ। ਜ਼ਖਮੀ ਨੌਜਵਾਨਾਂ ਨੂੰ ਪਹਿਲਾਂ ਸਮਰਾਲਾ ਹਸਪਤਾਲ ਅਤੇ ਫਿਰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਤੇ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਡੀਐਸਪੀ (ਡੀ) ਮੋਹਿਤ ਕੁਮਾਰ ਸਿੰਗਲਾ ਅਤੇ ਡੀਐਸਪੀ ਸਮਰਾਲਾ ਕਰਮਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ।’
