ਲੁਧਿਆਣਾ – ਲੁਧਿਆਣਾ ਵਿਖੇ ਪੰਜਾਬ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਲੁਧਿਆਣਾ ਵਿਖੇ ਦੁੱਗਰੀ ਥਾਣੇ ਅਧੀਨ ਆਉਂਦੇ ਇਲਾਕੇ ਵਿਚ ਬੀਤੀ ਦੇਰ ਰਾਤ ਪੁਲਸ ਨਾਲ ਹੋਈ ਕਰਾਸ ਫਾਇਰਿੰਗ ਵਿੱਚ ਦੋ ਗੈਂਗਸਟਰ ਗੰਭੀਰ ਜ਼ਖ਼ਮੀ ਹੋ ਗਏ। ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਗੈਂਗਸਟਰਾਂ ਨੇ ਪੁਲਸ ਟੀਮ ‘ਤੇ ਗੋਲ਼ੀਬਾਰੀ ਕਰ ਦਿੱਤੀ। ਪੁਲਸ ਨੇ ਵੀ ਆਪਣੇ ਬਚਾਅ ਵਿਚ ਉਨ੍ਹਾਂ ‘ਤੇ ਫਾਇਰਿੰਗ ਕੀਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ।

ਪੁਲਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਗਗਨਦੀਪ ਉਰਫ਼ ਗੱਗੂ ਅਤੇ ਮਨਦੀਪ ਕੁਮਾਰ ਵਜੋਂ ਕੀਤੀ ਹੈ। ਪੁਲਸ ਨੇ ਮੌਕੇ ਤੋਂ ਇਕ ਗੈਰ-ਕਾਨੂੰਨੀ ਪਿਸਤੌਲ, ਕਾਰਤੂਸ ਅਤੇ ਇਕ ਬਿਨਾਂ ਨੰਬਰ ਵਾਲੀ ਐਕਟਿਵਾ ਬਰਾਮਦ ਕੀਤੀ ਹੈ।
ਏ. ਡੀ. ਸੀ. ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਆਰਤੀ ਚੌਂਕ ਨੇੜੇ ਇਕ ਸਪਾ ਸੈਂਟਰ ਦੇ ਮੈਨੇਜਰ ਤੋਂ ਚੇਨ ਖੋਹਣ ਦੀ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਪੁਲਸ ਨੇ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਸੀ। ਏ. ਸੀ. ਪੀ. ਕ੍ਰਾਈਮ ਰਾਜੇਸ਼ ਸ਼ਰਮਾ ਅਤੇ ਸੀ. ਆਈ.ਏ. 1 ਇੰਸਪੈਕਟਰ ਰਾਜੇਸ਼ ਕੁਮਾਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਅਪਰਾਧ ਕਰਨ ਵਾਲੇ ਦੋਸ਼ੀ ਦੁੱਗਰੀ ਇਲਾਕੇ ਵਿੱਚ ਘੁੰਮ ਰਹੇ ਹਨ।
ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਸਨ ਅਤੇ ਇਸ ਦੌਰਾਨ ਦੋਵੇਂ ਮੁਲਜ਼ਮ ਐਕਟਿਵਾ ‘ਤੇ ਜਾਂਦੇ ਵੇਖੇ ਗਏ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਐਕਟਿਵਾ ‘ਤੇ ਭੱਜ ਗਏ। ਫੁੱਲਾਵਾਲ ਚੌਂਕ ਨੇੜੇ ਉਪਰੋਕਤ ਮੁਲਜ਼ਮਾਂ ਨੇ ਪੁਲਸ ਪਾਰਟੀ ‘ਤੇ ਦੋ ਗੋਲ਼ੀਆਂ ਚਲਾਈਆਂ, ਜਦਕਿ ਬਚਾਅ ਵਿਚ ਪੁਲਸ ਪਾਰਟੀ ਨੇ ਤਿੰਨ ਗੋਲ਼ੀਆਂ ਚਲਾਈਆਂ। ਜਿਸ ਕਾਰਨ ਦੋਵੇਂ ਦੋਸ਼ੀ ਜ਼ਖ਼ਮੀ ਹੋ ਗਏ। ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਗੰਭੀਰ ਅਪਰਾਧ ਦੇ ਮਾਮਲੇ ਦਰਜ ਹਨ। ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।