ਕੈਨੇਡਾ ਦੀ ਪਾਰਲੀਮੈਂਟ ਵਿੱਚ ਹਥਿਆਰਬੰਦ ਸ਼ੱਕੀ ਦਾਖਲ, ਕਈ ਘੰਟਿਆਂ ਬਾਅਦ ਕਾਬੂ !

ਨੈਸ਼ਨਲ ਟਾਈਮਜ਼ ਬਿਊਰੋ :- ਉਟਾਵਾ ਵਿਚ ਕੈਨੇਡਾ ਦੀ ਪਾਰਲੀਮੈਂਟ ਦੇ ਈ-ਬਲਾਕ ਵਿਚ ਸ਼ਨਿੱਚਰਵਾਰ ਦੁਪਹਿਰੇ ਇਕ ਹਥਿਆਰਬੰਦ ਮਸ਼ਕੂਕ ਦਾਖ਼ਲ ਹੋ ਗਿਆ। ਕੈਨੇਡਿਆਈ ਪੁਲੀਸ ਨੇ ਹਾਲਾਂਕਿ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਮੁਲਜ਼ਮ ਨੂੰ ਕਾਬੂ ਕਰ ਲਿਆ। ਉਂਝ ਇਸ ਦੌਰਾਨ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਤੇ ਅਮਲੇ ਦੇ ਮੈਂਬਰਾਂ ਨੇ ਕਮਰਿਆਂ ’ਚ ਲੁਕ ਕੇ ਜਾਨ ਬਚਾਈ। ਪੁਲਸ ਨੇ ਕਿਹਾ ਕਿ ਇਸ ਪੂਰੀ ਘਟਨਾ ਬਾਰੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਸੱਦ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।

ਜਾਣਕਾਰੀ ਅਨੁਸਾਰ ਹਥਿਆਰਬੰਦ ਵਿਅਕਤੀ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਸੰਸਦ ਦੇ ਈ ਬਲਾਕ ਵਿਚ ਦਾਖ਼ਲ ਹੋਇਆ। ਸੰਸਦੀ ਅਮਲੇ ਦੇ ਮੈਂਬਰ ਜਾਨ ਬਚਾਉਣ ਲਈ ਨਾਲ ਲੱਗਦੇ ਕਮਰਿਆਂ ਵਿੱਚ ਲੁਕ ਗਏ ਤੇ ਅੰਦਰੋਂ ਤਾਲੇ ਲਾ ਲਏ। ਉਧਰ ਪਾਰਲੀਮੈਂਟ ਪ੍ਰੋਟੈਕਟਿਵ ਸੇਵਾ ਦਲ ਨੂੰ ਹਫੜਾ ਦਫੜੀ ਪੈ ਗਈ ਤੇ ਇਸ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ।

ਅੰਦਰ ਫਸੇ ਲੋਕਾਂ ਨੂੰ ਹੋਰ ਦਰਵਾਜ਼ਿਆਂ ਰਾਹੀਂ ਬਾਹਰ ਕੱਢ ਕੇ ਇਮਾਰਤ ਖਾਲੀ ਕਰਵਾਈ ਗਈ। ਪੁਲੀਸ ਨੇ ਪਾਰਲੀਮੈਂਟ ਹਿੱਲ (ਸੰਸਦੀ ਭਵਨ) ਦੁਆਲੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਤੇ ਪਾਰਲੀਮੈਂਟ ਦੀ ਘੇਰਾਬੰਦੀ ਕਰ ਦਿੱਤੀ। ਪੁਲੀਸ ਨੇ ਹਥਿਆਰਬੰਦ ਮਸ਼ਕੂਕ ਨੂੰ ਬਾਹਰ ਆਉਣ ਲਈ ਕਈ ਚੇਤਾਵਨੀਆਂ ਵੀ ਦਿੱਤੀਆਂ। ਦੱਸ ਦੇਈਏ ਕਿ ਸੰਸਦ ਭਵਨ ਦੇ ਈ-ਬਲਾਕ ਵਿੱਚ ਸੈਨੇਟਰਾਂ ਤੇ ਉਨ੍ਹਾਂ ਦੇ ਸਹਾਇਕ ਅਮਲੇ ਦੇ ਦਫ਼ਤਰ ਹਨ। ਪੁਲੀਸ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਰਿਬੋਟ ਦੀ ਮਦਦ ਨਾਲ ਹਥਿਆਰਬੰਦ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਹੈ।

By Rajeev Sharma

Leave a Reply

Your email address will not be published. Required fields are marked *