ਲਾਲਜੀਤ ਭੁੱਲਰ ਨੂੰ ਤੁਰੰਤ ਗ੍ਰਿਫ਼ਤਾਰ ਕਰੋ: ਬਿਕਰਮ ਮਜੀਠੀਆ

ਗੁਰਪ੍ਰੀਤ ਸਿੰਘ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਨੇ ਅੰਮ੍ਰਿਤਸਰ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਵਿਚ ਲਾਲਜੀਤ ਸਿੰਘ ਭੁੱਲਰ ਨੂੰ ਕੈਬਨਿਟ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵਿਚੋਂ ਬਾਹਰ ਕੱਢਣ ਅਤੇ ਉਸ ਖ਼ਿਲਾਫ਼ ਪਰਚਾ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਡੀ. ਜੀ. ਪੀ. ਤੇ ਪੁਲਸ ਕਮਿਸ਼ਨਰ ਨੂੰ ਵੀ ਆਖਿਆ ਹੈ ਕਿ ਉਹ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਨਾ ਕਰਨ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 

ਬਿਕਰਮ ਮਜੀਠੀਆ ਨੇ ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰ ਤੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਰ ਰਿਹਾ ਹੈ। ਇਸ ਦੇ ਨਾਲ ਮਜੀਠੀਆ ਹੀ ਮਜੀਠੀਆ ਨੇ ਲਿਖਿਆ, “ਕੱਟੜ ਇਮਾਨਦਾਰ ਸਰਕਾਰ ਦੇ ਮੰਤਰੀ ਦੇ ਕੱਟੜ ਕਾਰਨਾਮੇ। ਪੈਸੇ ਬਣਾਉਣ ਪਿੱਛੇ ਕਿਸ ਤਰ੍ਹਾਂ ਪੰਜਾਬ ਸਰਕਾਰ ਵਿਚ ਕੰਮ ਕਰਦੇ ਅਧਿਕਾਰੀਆ ਨੂੰ ਜਲੀਲ ਕੀਤਾ ਜਾ ਰਿਹਾ ਹੈ।ਕੈਬਨਿਟ ਮੰਤਰੀ ਲਾਲਜੀਤ ਭੁੱਲਰ ਕਥਿਤ ਰੂਪ ਵਿਚ ਕਿਵੇਂ ਇਸ ਪੰਜਾਬ ਵੇਅਰ ਹਾਊਸ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਤਾਇਨਾਤ ਗਗਨ ਰੰਧਾਵਾ ਜ਼ਿਲ੍ਹਾ ਅਧਿਕਾਰੀ ਤੋਂ ਜ਼ਬਰਦਸਤੀ ਰਿਸ਼ਵਤ ਦੀ ਮੰਗ ਕਰਦਾ ਸੀ।ਗਗਨ ਰੰਧਾਵਾ ਨੇ ਆਪਣੀ ਜ਼ਿੰਦਗੀ ਦੀ ਅਖੀਰੀ ਵੀਡੀਓ ਵਿਚ ਇਸ ਮੰਤਰੀ ਦਾ ਨਾਂ ਲੈ ਕੇ ਸਲਫਾਸ ਖਾਣ ਦੀ ਗੱਲ ਕਰ ਰਿਹਾ ਹੈ । ਇਹ ਗੱਲ ਉਸ ਦੀ ਜ਼ਿੰਦਗੀ ਦੀ ਆਖ਼ਰੀ ਵੀਡਿਓ ਦੀ ਆਖ਼ਰੀ ਘੋਸ਼ਣਾ ਹੈ, ਜਿਸ ਵਿਚ ਲਾਲਜੀਤ ਭੁੱਲਰ ਨੂੰ ਦੋਸ਼ੀ ਦੱਸ ਰਿਹਾ । ਹੁਣ ਗਗਨ ਰੰਧਾਵਾ ਦੀ ਮੌਤ ਹੋ ਚੁੱਕੀ ਹੈ। ਮਾਨਸਿਕ ਅਤੇ ਸਰੀਰਕ ਤੌਰ ਤੇ ਜਿਥੇ ਉਸਦਾ ਉਤਪੀੜਨ ਕੀਤਾ ਗਿਆ, ਉਥੇ ਹੀ ਉਸਤੋਂ ਰਿਸ਼ਵਤ ਦੀ ਮੰਗ ਕੀਤੀ ਗਈ । ਮੈਂ ਕੱਟੜ ਇਮਾਨਦਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੁੱਛਦਾ ਹਾਂ ਕਿ ਪੰਜਾਬ ਦੇ ਲੋਕਾ ਨੇ ਇਹ ਬਦਲਾਅ ਦੇਖਣਾ ਸੀ ਜਿਸ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਵੇਗਾ। ਜੇਕਰ ਤੁਹਾਡੇ ਵਿਚ ਥੋੜੀ ਸੰਗ ਸ਼ਰਮ ਹੈ ਤਾਂ ਲਾਲਜੀਤ ਭੁੱਲਰ ਉੱਪਰ ਪਰਚਾ ਦਰਜ ਕਰਕੇ ਤੁਰੰਤ ਉਸ ਨੂੰ ਕੈਬਿਨਟ ਵਿਚੋਂ ਬਾਹਰ ਕੱਢੋ।”

By Gurpreet Singh

Leave a Reply

Your email address will not be published. Required fields are marked *