ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਲਈ ਅਰਸ਼ ਡੱਲਾ ਨੇ ਭੇਜੇ ਹਥਿਆਰ, ਜਗਮਨ ਸਮਰਾ ਦਾ ਵੱਡਾ ਦਾਅਵਾ

ਰਾਜੀਵ ਸ਼ਰਮਾ :- ਕੈਨੇਡਾ ਵਿੱਚ ਰਹਿ ਰਹੇ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਇੱਕ ਵੀਡੀਓ ਜਾਰੀ ਕਰਕੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸਮਰਾ ਦਾ ਕਹਿਣਾ ਹੈ ਕਿ ਅਰਸ਼ ਡੱਲਾ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ।   

ਦੋ ਆਟੋਮੈਟਿਕ ਪਿਸਤੌਲ ਅਤੇ ਸੇਵਾਮੁਕਤ ਕਰਨਲ ਤੋਂ ਸਿਖਲਾਈ ਦਾ ਦਾਅਵਾ

ਜਗਮਨ ਸਮਰਾ ਨੇ ਆਪਣੀ ਵੀਡੀਓ ਵਿੱਚ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਲਈ ਦੋ ਆਟੋਮੈਟਿਕ .30 ਬੋਰ ਦੇ ਪਿਸਤੌਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉਸ ਮੁਤਾਬਕ, ਇਨ੍ਹਾਂ ਸਮਰਥਕਾਂ ਨੂੰ ਦੋ ਦਿਨਾਂ ਦੀ ਸਿਖਲਾਈ ਦੇਣ ਲਈ ਫ਼ੌਜ ਦੇ ਇੱਕ ਸੇਵਾਮੁਕਤ ਕਰਨਲ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਸਮਰਾ ਨੇ ਇਹ ਵੀ ਦਾਅਵਾ ਕੀਤਾ ਕਿ ਸਿਖਲਾਈ ਵੱਖ-ਵੱਖ ਬੈਚਾਂ ਵਿੱਚ ਦਿੱਤੀ ਗਈ ਸੀ ਅਤੇ ਇੱਕ ਪਿਸਤੌਲ ਵਿੱਚ ਖ਼ਰਾਬੀ ਆਉਣ ਕਾਰਨ ਉਸ ਨੂੰ ਬਦਲਣਾ ਵੀ ਪਿਆ ਸੀ।

ਹਥਿਆਰਾਂ ਲਈ 3.5 ਲੱਖ ਰੁਪਏ ਦੇਣ ਦੀ ਕਹੀ ਗੱਲ

ਸਮਰਾ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਖ਼ਰੀਦ ਲਈ ਉਸ ਨੇ ਆਪਣੀ ਜੇਬ ਵਿੱਚੋਂ ਸਾਢੇ ਤਿੰਨ ਲੱਖ ਰੁਪਏ ਅਦਾ ਕੀਤੇ ਸਨ। ਉਸ ਮੁਤਾਬਕ, ਕੈਨੇਡਾ ਪਹੁੰਚਣ ਤੋਂ ਬਾਅਦ ਉਸ ਦਾ ਅਰਸ਼ ਡੱਲਾ ਨਾਲ ਸੰਪਰਕ ਹੋਇਆ ਸੀ ਅਤੇ ਹਥਿਆਰਾਂ ਦਾ ਪ੍ਰਬੰਧ ਵੀ ਉਸੇ ਰਾਹੀਂ ਕੀਤਾ ਗਿਆ ਸੀ। ਸਮਰਾ ਨੇ ਇਹ ਵੀ ਕਿਹਾ ਕਿ ਹਥਿਆਰ ਜਗਮੋਹਨ ਸਿੰਘ ਉਰਫ਼ ਜੱਗਾ ਨਾਮੀ ਵਿਅਕਤੀ ਨੇ ਪ੍ਰਾਪਤ ਕੀਤੇ ਸਨ। ਉਸ ਨੇ ਦਾਅਵਾ ਕੀਤਾ ਕਿ ਅਰਸ਼ ਡੱਲਾ ਵੱਲੋਂ ਅੰਮ੍ਰਿਤਪਾਲ ਅਤੇ ਹੋਰਨਾਂ ਦੀ ਮਦਦ ਉਨ੍ਹਾਂ ਦੀ ਵਿਚਾਰਧਾਰਾ ਕਰਕੇ ਕੀਤੀ ਗਈ ਸੀ। ਹਾਲਾਂਕਿ, ਇਹ ਸਾਰੇ ਦਾਅਵੇ ਸਮਰਾ ਵੱਲੋਂ ਕੀਤੇ ਗਏ ਹਨ।

 ਵਾਰਿਸ ਪੰਜਾਬ ਦੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ

ਦੂਜੇ ਪਾਸੇ, ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਜਗਮਨ ਸਮਰਾ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਰਸ਼ਪਾਲ ਸਿੰਘ ਸੋਸਣ ਨੇ ਸਮਰਾ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਦਿਆਂ ਇਨ੍ਹਾਂ ਦਾਅਵਿਆਂ ਨੂੰ ਮਨਘੜਤ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਿਆਸੀ ਪਾਰਟੀ ਵਜੋਂ ਰਜਿਸਟਰ ਹੋਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਮਿਲ ਰਹੇ ਲੋਕਾਂ ਦੇ ਸਮਰਥਨ ਕਾਰਨ ਵਿਰੋਧੀ ਧਿਰਾਂ ਵੱਲੋਂ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।

 ਕੌਣ ਹੈ ਜਗਮਨ ਸਮਰਾ ?

ਦੱਸ ਦੇਈਏ ਕਿ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਕੈਨੇਡਾ ਰਹਿੰਦਾ ਹੈ। ਸਾਲ 2022 ਵਿੱਚ ਉਹ ਫ਼ਰੀਦਕੋਟ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਉਸ ਖ਼ਿਲਾਫ਼ 65 ਲੱਖ ਰੁਪਏ ਦੀ ਠੱਗੀ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਹੋਣ ਦੀ ਗੱਲ ਵੀ ਰਿਪੋਰਟ ਵਿੱਚ ਦੱਸੀ ਗਈ ਹੈ। ਫਿਲਹਾਲ ਜਗਮਨ ਸਮਰਾ ਦੇ ਤਾਜ਼ਾ ਦਾਅਵਿਆਂ ਅਤੇ ਵਾਰਿਸ ਪੰਜਾਬ ਦੇ ਵੱਲੋਂ ਦਿੱਤੇ ਗਏ ਜਵਾਬ ਨੇ ਇੱਕ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦਾਅਵਿਆਂ ਬਾਰੇ ਅੱਗੇ ਕੀ ਤੱਥ ਸਾਹਮਣੇ ਆਉਂਦੇ ਹਨ ?

By Rajeev Sharma

Leave a Reply

Your email address will not be published. Required fields are marked *