ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਅੱਜ ਸੀਐਮ ਭਗਵੰਤ ਮਾਨ ਜਾਰੀ ਕਰਨਗੇ ਪ੍ਰੋਗਰਾਮ, ਪਹਿਲੀ ਵਾਰ ਪੰਜਾਬ ਕਰੇਗਾ ਮੇਜ਼ਬਾਨੀ

ਗੁਰਪ੍ਰੀਤ ਸਿੰਘ :- ਪੰਜਾਬ ‘ਚ ਪਹਿਲੀ ਵਾਰ ਹੋਣ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਟੂਰਨਾਮੈਂਟ ਦਾ ਅਧਿਕਾਰਤ ਪ੍ਰੋਗਰਾਮ ਜਾਰੀ ਕਰਨਗੇ। ਇਸ ਸਬੰਧੀ ਐਲਾਨ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ‘ਚ ਕੀਤਾ ਜਾਵੇਗਾ। ਟੂਰਨਾਮੈਂਟ ਦੇ ਮੁਕਾਬਲੇ ਮੁਹਾਲੀ ਤੇ ਜਲੰਧਰ ਵਿੱਚ ਕਰਵਾਏ ਜਾਣਗੇ।

ਏਸ਼ੀਆਈ ਖੇਡਾਂ 4 ਅਕਤੂਬਰ ਨੂੰ ਸਮਾਪਤ ਹੋਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਚੋਟੀ ਦੀਆਂ 6 ਹਾਕੀ ਟੀਮਾਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ‘ਚ ਆਹਮੋ-ਸਾਹਮਣੇ ਹੋਣਗੀਆਂ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸਮੇਂ ਤੋਂ ਪਹਿਲਾਂ ਪੂਰਾ ਹੋਵੇਗਾ ਕੰਮ

ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਸਮੀਖਿਆ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਟੂਰਨਾਮੈਂਟ ਨਾਲ ਸਬੰਧਤ ਬੁਨਿਆਦੀ ਢਾਂਚੇ ਤੇ ਹੋਰ ਜ਼ਰੂਰੀ ਪ੍ਰਬੰਧ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ। ਸਰਕਾਰ ਦਾ ਉਦੇਸ਼ ਸਿਰਫ਼ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣਾ ਹੀ ਨਹੀਂ, ਸਗੋਂ ਪੰਜਾਬ ਆਉਣ ਵਾਲੇ ਖਿਡਾਰੀਆਂ, ਅਧਿਕਾਰੀਆਂ, ਦਰਸ਼ਕਾਂ ਤੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਸੂਬੇ ਦੀਆਂ ਆਧੁਨਿਕ ਖੇਡ ਸਹੂਲਤਾਂ ਤੇ ਮੇਜ਼ਬਾਨੀ ਨੂੰ ਵੀ ਦਰਸਾਉਣਾ ਹੈ।

ਪੰਜਾਬ ਦਾ ਭਾਰਤੀ ਹਾਕੀ ਨਾਲ ਪੁਰਾਣਾ ਤੇ ਮਜ਼ਬੂਤ ਨਾਤਾ ਹੈ। ਪੰਜਾਬ ਨੇ ਭਾਰਤੀ ਹਾਕੀ ਨੂੰ ਕਈ ਵੱਡੇ ਖਿਡਾਰੀ ਦਿੱਤੇ ਹਨ। ਸਰਕਾਰ ਵੱਲੋਂ ਕੌਮਾਂਤਰੀ ਪੱਧਰ ਦੇ ਵੱਡੇ ਖੇਡ ਮੁਕਾਬਲਿਆਂ ਦੇ ਨਾਲ-ਨਾਲ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਮੁਹਾਲੀ ਤੇ ਜਲੰਧਰ ‘ਚ ਤਿਆਰੀਆਂ ਜਾਰੀ

ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ‘ਚ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ। ਇੱਥੇ ਸਿੰਥੈਟਿਕ ਟਰਫ਼, ਗੋਲਪੋਸਟ, ਖਿਡਾਰੀਆਂ ਦੇ ਡਗਆਊਟ, ਚੇਂਜਿੰਗ ਰੂਮ ਤੇ ਦਰਸ਼ਕਾਂ ਦੀਆਂ ਸਹੂਲਤਾਂ ਸਮੇਤ ਹੋਰ ਹਿੱਸਿਆਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਸਟੇਡੀਅਮ ‘ਚ ਲਗਭਗ 15 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।

ਉੱਧਰ, ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ ਵੀ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਇੱਥੇ ਮੀਡੀਆ ਸੈਂਟਰ, ਪ੍ਰਸਾਰਣ ਤੇ ਪ੍ਰੋਡਕਸ਼ਨ ਸਹੂਲਤਾਂ, ਮੈਡੀਕਲ ਸਹੂਲਤਾਂ, ਤਕਨੀਕੀ ਡਗਆਊਟ ਤੇ ਫਲੱਡਲਾਈਟ ਸਮੇਤ ਹੋਰ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *