ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਪੁਲਿਸ ਨੇ ਐਸਐਚਓ ਅਤੇ ਉਹਨਾਂ ਦੀ ਟੀਮ ‘ਤੇ ਹਮਲਾ ਕਰਨ ਵਾਲੇ ਮਾਮਲੇ ਵਿੱਚ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੁੱਲ 35 ਲੋਕਾਂ ਦੇ ਖ਼ਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਸੱਤ ਬੰਦੇ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।
ਇਹ ਮਾਮਲਾ ਨੰਦਗੜ੍ਹ ਪੁਲਿਸ ਥਾਣੇ ਦੇ ਐਸਐਚਓ ਅਤੇ ਉਹਨਾਂ ਦੀ ਟੀਮ ਨਾਲ ਜੁੜਿਆ ਹੈ। ਜਾਣਕਾਰੀ ਮੁਤਾਬਕ ਰਾਇਕੇ ਕਲਾਂ ਵਿਖੇ ਇੱਕ ਮੇਲੇ ਦੌਰਾਨ ਹੋਈ ਲੜਾਈ ਨੂੰ ਰੋਕਣ ਲਈ ਜਦੋਂ ਪੁਲਿਸ ਟੀਮ ਐਸਐਚਓ ਸਮੇਤ ਮੌਕੇ ‘ਤੇ ਪਹੁੰਚੀ ਤਾਂ ਤਕਰੀਬਨ 30 ਤੋਂ 35 ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਐਸਐਚਓ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦਕਿ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਆਈਆਂ।
ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਸੱਤ ਲੋਕ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਏ ਸਨ ਜਦਕਿ ਹੁਣ ਹੋਰ ਪੰਜ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਬਠਿੰਡਾ ਦਿਹਾਤੀ ਦੇ ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਬਾਕੀ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
